ਹਾਲਾਤਾਂ ''ਤੇ ਚਿੰਤਤ ਪਾਕਿਸਤਾਨੀ ਡਾਕਟਰਾਂ ਨੇ ਸਰਕਾਰ ਤੇ ਧਾਰਮਿਕ ਨੇਤਾਵਾਂ ਨੂੰ ਕੀਤੀ ਇਹ ਅਪੀਲ

04/23/2020 2:03:38 PM

ਕਰਾਚੀ- ਕਰਾਚੀ ਦੇ ਪਾਕਿਸਤਾਨ ਮੈਡੀਕਲ ਐਸੋਸੀਏਸ਼ਨ (ਪੀ.ਐਮ.ਏ.) ਨਾਲ ਸਬੰਧਤ ਪ੍ਰਮੁੱਖ ਡਾਕਟਰਾਂ ਦੇ ਇਕ ਸਮੂਹ ਨੇ ਬੁੱਧਵਾਰ ਨੂੰ ਸਰਕਾਰ ਤੇ ਧਾਰਮਿਕ ਨੇਤਾਵਾਂ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਤੇਜ਼ੀ ਨਾਲ ਪ੍ਰਸਾਰ ਨੂੰ ਕੰਟਰੋਲ ਕਰਨ ਦੇ ਲਈ ਸਖਤ ਅਹਿਤਿਆਤੀ ਕਦਮਾਂ ਦਾ ਪਾਲਣ ਜਾਰੀ ਰੱਖਣ ਦੀ ਅਪੀਲ ਕੀਤੀ ਹੈ।

ਕੋਰੋਨਾ ਵਾਇਰਸ ਖਿਲਾਫ ਲੜਾਈ ਵਿਚ ਫ੍ਰੰਟਲਾਈਨ ਵਰਕਰਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਦੀ ਇਕ ਤਸਵੀਰ ਨੂੰ ਸਾਹਮਣੇ ਰੱਖਦਿਆਂ ਡਾਵ ਯੂਨੀਵਰਸਿਟੀ ਆਫ ਹੈਲਥ ਸਾਈਂਸੇਜ਼ ਦੇ ਇਕ ਗੈਸਟ੍ਰੋਏਂਟ੍ਰੋਲਾਜਿਸਟ ਡਾਕਟਰ ਸਾਦ ਨਿਆਜ਼ ਨੇ ਕਿਹਾ ਕਿ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਸਿਹਤ ਨਾਲ ਜੁੜਿਆ ਇਕ ਮਹੱਤਵਪੂਰਨ ਮੁੱਦਾ ਹੈ। ਜਿਓ ਨਿਊਜ਼ ਮੁਤਾਬਕ ਸਾਦ ਨੇ ਕਿਹਾ ਕਿ ਇਹ ਇਕ ਮੈਡੀਕਲ ਸਮੱਸਿਆ ਹੈ, ਜਿਸ ਦੇ ਨਿਸ਼ਚਿਤ ਰੂਪ ਨਾਲ ਆਰਥਿਕ ਤੇ ਸਮਾਜਿਕ ਪ੍ਰਭਾਵ ਹਨ। ਪਰ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਇਹ ਮੁੱਖ ਰੂਪ ਨਾਲ ਇਕ ਮੈਡੀਕਲ ਸਬੰਧੀ ਮੁੱਦਾ ਹੈ।

ਉਹਨਾਂ ਕਿਹਾ ਕਿ 16 ਅਪ੍ਰੈਲ ਤੋਂ 21 ਅਪ੍ਰੈਲ ਵਿਚਾਲੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 6,772 ਤੋਂ 9,464 'ਤੇ ਪਹੁੰਚ ਗਈ ਹੈ। ਉਹਨਾਂ ਕਿਹਾ ਕਿ ਇਸ ਗਿਣਤੀ ਵਿਚ 2,692 ਰੋਗੀਆਂ ਦੇ ਨਾਲ ਤਕਰੀਬਨ 40 ਫੀਸਦੀ ਦਾ ਵਾਧਾ ਹੋਇਆ ਹੈ। ਡਾਕਟਰਾਂ ਨੇ ਖੇਦ ਵਿਅਕਤ ਕਰਦੇ ਹੋਏ ਕਿਹਾ ਹੈ ਕਿ ਪਹਿਲਾਂ ਇਹ ਧਾਰਣਾ ਸੀ ਕਿ ਇਹ ਮਹਾਮਾਰੀ ਪਾਕਿਸਤਾਨ ਵਿਚ ਹੋਰਾਂ ਦੇਸ਼ਾਂ ਵਾਂਗ ਗੰਭੀਰ ਨਹੀਂ ਬਣੇਗੀ। ਪੀ.ਐਮ.ਏ. ਦੇ ਜਨਰਲ ਸਕੱਤਰ ਅੰਸਾਰ ਸ਼ਹਜ਼ਾਦ ਨੇ ਕਿਹਾ ਕਿ ਸਿੰਧ ਨੇ ਲਾਕਡਾਊਨ ਲਾਗੂ ਕੀਤਾ ਹੋਇਆ ਸੀ ਪਰ ਪਾਬੰਦੀਆਂ ਦਾ ਸਹੀ ਤਰੀਕੇ ਨਾਲ ਪਾਲਣ ਨਹੀਂ ਕੀਤਾ ਗਿਆ। ਪੂਰੇ ਪਾਕਿਸਤਾਨ ਵਿਚ ਪਾਬੰਦੀ ਇਕ ਮਜ਼ਾਕ ਬਣ ਗਿਆ ਹੈ। ਲੋਕ ਰਾਸ਼ਨ ਦੀਆਂ ਦੁਕਾਨਾਂ 'ਤੇ ਵੱਡੇ ਸਮੂਹਾਂ ਵਿਚ ਇਕੱਠੇ ਹੋ ਰਹੇ ਹਨ, ਵਾਹਨ ਲਗਾਤਾਰ ਸੜਕਾਂ 'ਤੇ ਚੱਲ ਰਹੇ ਹਨ।

ਸ਼ਹਜ਼ਾਦ ਨੇ ਅੱਗੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਲੋਕ ਅਸਲ ਵਿਚ ਉਸ ਹਾਲਾਤ ਦੇ ਕਾਰਣ ਚਿੰਤਤ ਹਨ ਜੋ ਰਮਜ਼ਾਨ ਤੋਂ ਠੀਕ ਪਹਿਲਾ ਪੈਦਾ ਹੋਏ ਹਨ ਪਰ ਉਹਨਾਂ ਨੂੰ ਖਤਰੇ ਨੂੰ ਸਮਝਣ ਦੀ ਲੋੜ ਹੈ। ਹੋਰਾਂ ਦੇਸ਼ਾਂ ਨੇ ਪਹਿਲਾਂ ਹੀ ਸਮੂਹ ਵਿਚ ਇਕੱਠੇ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ। ਸਾਨੂੰ ਲੋਕਾਂ ਨਾਲ ਸਹਿਯੋਗ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਧਾਰਮਿਕ ਨੇਤਾਵਾਂ ਨੂੰ ਸਮਝਣਾ ਚਾਹੀਦਾ ਹੈ ਕਿ ਮਹਾਮਾਰੀ ਫੈਲਣ ਦੌਰਾਨ ਲੋਕਾਂ ਦੀ ਜਾਨ ਬਚਾਉਣਾ ਸਭ ਤੋਂ ਮਹੱਤਵਪੂਰਨ ਹੈ। ਉਹਨਾਂ ਨੂੰ ਲੋਕਾਂ ਨੂੰ ਮਸਜਿਦਾਂ ਵਿਚ ਇਕੱਠੇ ਹੋਣ ਤੋਂ ਰੋਕਣਾ ਚਾਹੀਦਾ ਹੈ। ਇਹ ਲੋਕਾਂ ਦੇ ਲਈ ਮੁਸ਼ਕਿਲ ਹੋ ਸਕਦਾ ਹੈ ਪਰ ਇਹ ਸਮੇਂ ਦੀ ਲੋੜ ਹੈ। ਸਰਕਾਰ ਨੂੰ ਆਪਣੀਆਂ ਸੁਵਿਧਾਵਾਂ, ਗੈਰ-ਸਰਕਾਰੀ ਸੰਗਠਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਹਰ ਥਾਂ ਦੀ ਜਾਂਚ ਕਰੋ ਜਿਥੇ ਰਾਹਤ ਦੀ ਲੋੜ ਹੈ।


Baljit Singh

Content Editor

Related News