ਇਟਲੀ ਦੇ ਸ਼ਹਿਰ ਆਰਜੀਨਿਆਨੋ ਵਿਖੇ ਲੱਗੇ ਦਸਮੇਸ਼ ਪਿਤਾ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਡਿਜੀਟਲ ਬੋਰਡ
Wednesday, Jan 01, 2025 - 02:30 PM (IST)
ਰੋਮ (ਕੈਂਥ)- ਇਟਲੀ ਦੇ ਵੈਨੇਤੋ ਸੂਬੇ ਦੇ ਸ਼ਹਿਰ ਆਰਜੀਨੀਆਨੋ (ਵਿਸੈਂਚਾ) ਵਿਖੇ ਪਹਿਲਾਂ ਸ਼ਹੀਦੀ ਦਿਹਾੜਿਆਂ ਨਾਲ ਸਬੰਧਤ ਡਿਜੀਟਲ ਬੋਰਡਾਂ ਉੱਪਰ ਲੱਗੀਆਂ ਸਿੱਖ ਧਰਮ ਦੇ ਮਹਾਨ ਸ਼ਹੀਦਾਂ ਦੀਆਂ ਫੋਟੋਆਂ ਨੇ ਸੰਗਤਾਂ ਨੂੰ ਭਾਵੁਕ ਕਰ ਦਿੱਤਾ ਸੀ ਤੇ ਹੁਣ ਇਸ ਸ਼ਹਿਰ ਵਿਚ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੱਗਾ ਡਿਜੀਟਲ ਬੋਰਡ ਹਰ ਆਉਣ-ਜਾਣ ਵਾਲੀ ਸਿੱਖ ਸੰਗਤ ਅੰਦਰ ਸਿੱਖੀ ਪ੍ਰਤੀ ਨਵਾਂ ਜੋਸ਼ ਭਰ ਰਿਹਾ ਹੈ। ਪਹਿਲਾਂ ਜਦੋਂ ਇਹ ਬੋਰਡ ਲੱਗੇ ਤਾਂ ਕਿਸੇ ਵੀ ਸਿੰਘ ਨੇ ਸੇਵਾ ਕਰਨ ਦੀ ਹਾਮੀ ਨਹੀਂ ਭਰੀ ਪਰ ਸਿੱਖ ਸੰਗਤਾਂ ਚਾਹੁੰਦੀਆਂ ਸਨ ਕਿ ਇਸ ਮਹਾਨ ਕਾਰਜ ਦੀ ਕਿਹੜੇ ਸਿੰਘ ਨੇ ਸੇਵਾ ਕੀਤੀ ਹੈ। ਉਹ ਅੱਗੇ ਆਵੇ ਤਾਂ ਜੋ ਸੰਗਤ ਉਸ ਦਾ ਸਨਮਾਨ ਕਰ ਸਕੇ। ਪਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਕੋਈ ਸੇਵਾਦਾਰ ਅੱਗੇ ਨਹੀਂ ਆਇਆ। ਜਦੋਂ ਇਸ ਕਾਰਜ ਦੀ ਇਟਲੀ ਦੇ ਚੁਫ਼ੇਰੇ ਗੂੰਜ ਪਈ ਤਾਂ ਸਿੱਖ ਸੰਗਤਾਂ ਨੇ ਇਸ ਕਾਰਜ ਦੀ ਬਹੁਤ ਸ਼ਲਾਘਾ ਕੀਤੀ।
ਹੁਣ ਫਿਰ ਇਹ ਸੇਵਾ ਜਦੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਈ ਬਿਕਰਮਜੀਤ, ਭਾਈ ਹਰਜੀਤ ਸਿੰਘ ਤੇ ਭਾਈ ਬਰਿੰਦਰ ਸਿੰਘ ਨੇ ਸ਼ਹਿਰ ਆਰਜੀਨੀਆਨੋ ਵਿਖੇ ਦੁਬਾਰਾ ਕੀਤੀ ਤਾਂ ਫਿਰ ਉਨ੍ਹਾਂ ਪ੍ਰੈੱਸ ਨੂੰ ਇਹ ਜਾਣਕਾਰੀ ਦਿੰਦਿਆਂ ਕਿਹਾ ਉਹ ਅੱਗੇ ਨਹੀਂ ਆਉਣਾ ਚਾਹੁੰਦੇ। ਇਨ੍ਹਾਂ ਡਿਜੀਟਲ ਬੋਰਡ ਰਾਹੀਂ ਉਹ ਸਿੱਖ ਧਰਮ ਦੀ ਮਹਾਨਤਾ ਦਾ ਪ੍ਰਚਾਰ ਕਰ ਰਹੇ ਹਨ ਤਾਂ ਜੋ ਹੋਰ ਦੇਸ਼ਾਂ ਦੇ ਲੋਕ ਜਾਣਨ ਪਰ ਇਨ੍ਹਾਂ ਸਿੰਘਾਂ ਨੇ ਇਲੈਕਟ੍ਰਾਨਿਕ ਮੀਡੀਆ ਵਿਚ ਆ ਕੇ ਕੋਈ ਸ਼ੌਹਰਤ ਲੈਣ ਤੋਂ ਕੋਰੀ ਨਾਂਹ ਕਰ ਦਿੱਤੀ।