ਯੂ. ਏ. ਈ. 'ਚ ਦੇਸ਼ ਭੇਜਣ ਦੀ ਧਮਕੀ ਦੇ ਕੇ ਭਾਰਤੀ ਮਹਿਲਾ ਨਾਲ ਠੱਗੀ

07/14/2018 6:13:54 PM

ਦੁਬਈ (ਵਾਰਤਾ)— ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਆਬੂ ਧਾਬੀ ਵਿਚ ਜ਼ਰੂਰੀ ਦਸਤਾਵੇਜ਼ ਨਾ ਹੋਣ ਦੇ ਬਹਾਨੇ ਦੇਸ਼ ਭੇਜਣ ਦੀ ਧਮਕੀ ਦੇ ਕੇ ਇਕ ਭਾਰਤੀ ਮਹਿਲਾ ਤੋਂ 1800 ਦਿਰਹਾਮ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਅਖਬਾਰ ਨੇ ਪੀੜਤ ਮਹਿਲਾ ਦੇ ਹਵਾਲੇ ਨਾਲ ਕਿਹਾ, ''4 ਲੋਕਾਂ ਨੇ ਮੇਰੇ ਨਾਲ ਕਰੀਬ ਇਕ ਘੰਟੇ ਤਕ ਗੱਲਬਾਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਮੇਰੀ ਫਾਈਲ 'ਚੋਂ ਇਮੀਗ੍ਰੇਸ਼ਨ ਸੰਬੰਧੀ ਕੁਝ ਦਸਤਾਵੇਜ਼ ਗਾਇਬ ਹਨ ਅਤੇ ਮੈਨੂੰ ਤੁਰੰਤ ਮੇਰੇ ਦੇਸ਼ ਭੇਜਣ ਦੀ ਧਮਕੀ ਦਿੱਤੀ। ਮਹਿਲਾ ਨੇ ਦੱਸਿਆ ਕਿ ਉਹ ਲੋਕ ਸੁਰੱਖਿਆ ਅਧਿਕਾਰੀਆਂ ਵਾਂਗ ਸਖਤ ਅਤੇ ਡਰਾਉਣ ਵਾਲੇ ਲਹਿਜ਼ੇ ਨਾਲ ਗੱਲ ਕਰ ਰਹੇ ਸਨ। ਮੈਂ ਸੱਚ-ਮੁੱਚ ਡਰ ਗਈ ਸੀ। 
ਮਹਿਲਾ ਨੇ ਕਿਹਾ ਕਿ ਉਸ ਨੂੰ ਟੌਲ ਫਰੀ ਨੰਬਰ ਤੋਂ ਬੁੱਧਵਾਰ ਨੂੰ ਫੋਨ ਆਇਆ ਸੀ। ਠੱਗਾਂ ਨੇ ਧੋਖਾਧੜੀ ਕਰ ਕੇ ਟੌਲ ਫਰੀ ਨੰਬਰ ਤੋਂ ਫੋਨ ਕੀਤਾ ਸੀ। ਮਹਿਲਾ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਕਿਹਾ ਕਿ ਮੈਨੂੰ ਇਮੀਗ੍ਰੇਸ਼ਨ ਕਾਨੂੰਨ ਦੇ ਐਕਟ-18 ਤਹਿਤ ਕਾਲੀ ਸੂਚੀ ਵਿਚ ਪਾ ਦਿੱਤਾ ਗਿਆ ਹੈ। ਮੈਨੂੰ ਦੇਸ਼ ਭੇਜਿਆ ਜਾਵੇਗਾ ਅਤੇ ਐਕਟ-20 ਤਹਿਤ ਦਿੱਲੀ ਵਿਚ ਗ੍ਰਿਫਤਾਰ ਕੀਤਾ ਜਾਵੇਗਾ। 
ਉਨ੍ਹਾਂ ਨੇ ਕਿਹਾ ਕਿ ਜੇਕਰ ਮੈਂ ਕਾਰਵਾਈ ਤੋਂ ਬਚਣਾ ਚਾਹੁੰਦੀ ਹਾਂ ਤਾਂ ਮੈਨੂੰ ਇਕ ਵਕੀਲ ਨਿਯੁਕਤ ਕਰਨਾ ਹੋਵੇਗਾ, ਤਾਂ ਕਿ ਉਹ ਭਾਰਤੀ ਅਧਿਕਾਰੀਆਂ ਤੋਂ ਮਨਜ਼ੂਰੀ ਪੱਤਰ ਲੈ ਸਕਣ। ਇਸ ਲਈ ਮੈਨੂੰ 1800 ਦਿਰਹਾਮ ਇੰਟਰਨੈੱਟ ਜ਼ਰੀਏ ਭਾਰਤ ਭੇਜਣੇ ਹੋਣਗੇ। ਪੀੜਤਾ ਨੇ ਵੈਸਟਰਨ ਯੂਨੀਅਨ ਮਨੀ ਐਕਸਚੇਂਜ ਜ਼ਰੀਏ ਪੈਸੇ ਭੇਜੇ ਅਤੇ 5 ਮਿੰਟ ਦੇ ਅੰਦਰ ਉਹ ਪੈਸੇ ਕੱਢਵਾ ਵੀ ਲਏ ਗਏ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਕਈ ਭਾਰਤੀ ਇਸ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਹੋਏ ਹਨ। ਅਮੀਰਾਤ ਸਰਕਾਰ ਦੀ ਸਖਤੀ ਤੋਂ ਬਾਅਦ ਅਜਿਹੇ ਮਾਮਲੇ ਕਾਫੀ ਘੱਟ ਹੋ ਗਏ ਸਨ।


Related News