ਪਾਕਿ ''ਚ ਅਮਰੀਕਾ ਖ਼ਿਲਾਫ਼ ਅੰਦੋਲਨ, ਕੱਟਰਪੰਥੀਆਂ ਨੇ ਕੀਤੀ US ਰਾਜਦੂਤ ਨੂੰ ਦੇਸ਼ ''ਚੋਂ ਕੱਢਣ ਦੀ ਮੰਗ
Wednesday, Oct 19, 2022 - 10:28 AM (IST)
ਇਸਲਾਮਾਬਾਦ- ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਦੇ ਪਾਕਿਸਤਾਨ ਵਿਰੋਧੀ ਬਿਆਨ ਤੋਂ ਬਾਅਦ ਪਾਕਿਸਤਾਨ ਦੀ ਕੱਟੜਪੰਥੀ ਧਾਰਮਿਕ ਪਾਰਟੀ ਜਮਾਤ-ਏ-ਇਸਲਾਮੀ ਨੇ ਅਮਰੀਕੀ ਰਾਜਦੂਤ ਨੂੰ ਦੇਸ਼ ਤੋਂ ਕੱਢਣ ਦੀ ਮੰਗ ਨੂੰ ਲੈ ਕੇ ਅੰਦੋਲਨ ਸ਼ੁਰੂ ਕਰ ਦਿੱਤਾ ਹੈ। ਪਾਰਟੀ ਮੁਖੀ ਸਿਰਾਜ-ਉਲ-ਹੱਕ ਨੇ ਕਿਹਾ- ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਪਾਕਿਸਤਾਨ ਨੂੰ ਦੁਨੀਆ ਦਾ ਸਭ ਤੋਂ ਖਤਰਨਾਕ ਦੇਸ਼ ਕਹਿ ਕੇ ਸਾਡਾ ਅਪਮਾਨ ਕੀਤਾ ਹੈ। ਲਿਹਾਜ਼ਾ ਪਾਕਿਸਤਾਨ ਵਿੱਚ ਅਮਰੀਕਾ ਦੇ ਰਾਜਦੂਤ ਡੋਨਾਲਡ ਬਲੂਮ ਨੂੰ ਤੁਰੰਤ ਦੇਸ਼ ਵਿੱਚੋਂ ਕੱਢ ਦੇਣਾ ਚਾਹੀਦਾ ਹੈ। ਪਿਛਲੇ ਸਾਲ ਫਰਾਂਸ ਵਿੱਚ ਇਤਰਾਜ਼ਯੋਗ ਧਾਰਮਿਕ ਕਾਰਟੂਨਾਂ ਦੇ ਮਾਮਲੇ ਉੱਤੇ ਤਹਿਰੀਕ-ਏ-ਲਬੈਇਕ (ਟੀਐੱਲਪੀ) ਨੇ ਫਰਾਂਸ ਦੇ ਰਾਜਦੂਤ ਨੂੰ ਦੇਸ਼ ਵਿੱਚੋਂ ਕੱਢਣ ਦੀ ਮੰਗ ਕੀਤੀ ਸੀ। ਇਸ ਹਿੰਸਾ ਦੌਰਾਨ ਹੋਈ ਹਿੰਸਾ 'ਚ 8 ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ ਸੀ।
ਜਮਾਤ-ਏ-ਇਸਲਾਮੀ ਦੇ ਮੁਖੀ ਸਿਰਾਜ-ਉਲ-ਹੱਕ ਨੇ ਆਖਿਰਕਾਰ ਕਿਹਾ ਕਿ ਅਮਰੀਕਾ ਨੂੰ ਕਿਸ ਗੱਲ 'ਤੇ ਮਾਣ ਹੈ। ਪਾਕਿਸਤਾਨ ਇੱਕ ਆਜ਼ਾਦ ਦੇਸ਼ ਹੈ ਅਤੇ ਅਸੀਂ ਪਾਕਿਸਤਾਨੀ ਲੋਕ ਉਸ ਦੇ ਨੌਕਰ ਨਹੀਂ ਹਾਂ। ਦੇਸ਼ ਦੇ ਸਾਬਕਾ ਅਤੇ ਮੌਜੂਦਾ ਹੁਕਮਰਾਨਿਆਂ ਨੂੰ ਮੇਰੀ ਅਪੀਲ ਹੈ ਕਿ ਉਹ ਹਰ ਹਾਲਤ ਵਿੱਚ ਅਮਰੀਕੀ ਰਾਸ਼ਟਰਪਤੀ ਦੀ ਇਸ ਹਰਕਤ ਦਾ ਖੁੱਲ੍ਹ ਕੇ ਵਿਰੋਧ ਕਰਨ। ਸਾਡੇ ਦੇਸ਼ ਵਿੱਚ ਅਮਰੀਕਾ ਦਾ ਜੋ ਰਾਜਦੂਤ ਹੈ ਉਸ ਨੂੰ ਤੁਰੰਤ ਇੱਥੋਂ ਕੱਢਿਆ ਜਾਵੇ। ਹੱਕ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੀ ਅਪੀਲ ਕੀਤੀ। ਕਿਹਾ- ਇਮਰਾਨ ਹਮੇਸ਼ਾ ਅਮਰੀਕਾ ਦਾ ਵਿਰੋਧ ਕਰਦੇ ਆਏ ਹਨ। ਉਨ੍ਹਾਂ ਨੂੰ ਇਸ ਸਮੇਂ ਚੁੱਪ ਨਹੀਂ ਰਹਿਣਾ ਚਾਹੀਦਾ। ਇਸਲਾਮਾਬਾਦ ਵਿੱਚ ਬੈਠੀ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਸਖ਼ਤ ਰੁਖ਼ ਅਪਣਾ ਕੇ ਅਮਰੀਕੀ ਨੂੰ ਦੇਸ਼ ਵਿੱਚੋਂ ਕੱਢ ਦੇਣ।
ਅਮਰੀਕੀ ਰਾਸ਼ਟਰਪਤੀ ਬਾਇਡੇਨ ਨੇ ਪਾਕਿਸਤਾਨ 'ਤੇ ਇਹ ਟਿੱਪਣੀ ਅਜਿਹੇ ਸਮੇਂ ਕੀਤੀ ਹੈ, ਜਦੋਂ ਚਾਰ ਦਿਨ ਪਹਿਲਾਂ ਹੀ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਬਾਜਵਾ ਅਮਰੀਕਾ ਦੇ 7 ਦਿਨਾਂ ਦੌਰੇ ਤੋਂ ਪਰਤੇ ਹਨ। ਪਿਛਲੇ ਹਫ਼ਤੇ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਆਪਣੇ ਭਾਸ਼ਣ ਦੌਰਾਨ ਪਾਕਿਸਤਾਨ ਬਾਰੇ ਬਹੁਤ ਹੀ ਸਖ਼ਤ ਟਿੱਪਣੀ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੁਨੀਆ ਦਾ ਸਭ ਤੋਂ ਖਤਰਨਾਕ ਦੇਸ਼ ਹੈ। ਉਹ ਹੋਰ ਵੀ ਖ਼ਤਰਨਾਕ ਹੋ ਜਾਂਦਾ ਹੈ ਕਿਉਂਕਿ ਉਸ ਕੋਲ ਪਰਮਾਣੂ ਹਥਿਆਰ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਕੋਈ ਤੰਤਰ ਨਹੀਂ ਹੈ। ਬਾਇਡੇਨ ਦੀ ਇਸ ਟਿੱਪਣੀ ਦਾ ਪਾਕਿਸਤਾਨ ਵਿੱਚ ਭਾਰੀ ਵਿਰੋਧ ਜਾਰੀ ਹੈ। ਸ਼ਾਹਬਾਜ਼ ਸ਼ਰੀਫ ਸਰਕਾਰ 'ਤੇ ਦਬਾਅ ਵਧਿਆ ਤਾਂ ਉਸ ਨੇ ਅਮਰੀਕੀ ਰਾਜਦੂਤ ਨੂੰ ਬੁਲਾ ਕੇ ਬਾਇਡੇਨ ਦੇ ਬਿਆਨ 'ਤੇ ਇਤਰਾਜ਼ ਜਤਾਇਆ। ਹਾਲਾਂਕਿ ਇਸ ਦੇ ਬਾਵਜੂਦ ਅਮਰੀਕਾ ਵੱਲੋਂ ਅਜੇ ਤੱਕ ਕੋਈ ਸਫ਼ਾਈ ਨਹੀਂ ਦਿੱਤੀ ਗਈ ਹੈ।