ਮੈਲਬੋਰਨ ''ਚ ਗੁਰਮਤਿ ਸਮਾਗਮ ਅਤੇ ਅੰਤਰਰਾਸ਼ਟਰੀ ਕਬੱਡੀ ਕੱਪ 11-12 ਨਵੰਬਰ ਨੂੰ

11/10/2017 5:12:19 PM

ਮੈਲਬੋਰਨ(ਮਨਦੀਪ ਸਿੰਘ ਸੈਣੀ)- ਪਹਿਲੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਅਤੇ ਅੰਤਰਰਾਸ਼ਟਰੀ ਕਬੱਡੀ ਕੱਪ 11 ਅਤੇ 12 ਨਵੰਬਰ ਨੂੰ ਮੈਲਬੋਰਨ ਦੇ ਗੁਰਦੁਆਰਾ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ ਵਿਚ ਕਰਵਾਇਆ ਜਾ ਰਿਹਾ ਹੈ। ਸ਼ਨੀਵਾਰ ਸ਼ਾਮ ਨੂੰ ਹੋਣ ਵਾਲੇ ਗੁਰਮਤਿ ਸਮਾਗਮ ਵਿਚ ਅਖੰਡ ਕੀਰਤਨੀ ਜਥਾ, ਗੁਰਮਤਿ ਸੰਗੀਤ ਅਕਾਦਮੀ ਬਲੈਕਬਰਨ, ਖਾਲਸਾ ਛਾਉਣੀ ਗੁਰਮਤਿ ਸਕੂਲ, ਬਾਬਾ ਬਿਧੀ ਚੰਦ ਜੀ ਕੀਰਤਨ ਵਿਦਿਆਲਾ, ਭਾਈ ਗੁਰਪ੍ਰਤਾਪ ਸਿੰਘ ਹਜ਼ੂਰ ਸਾਹਿਬ ਵਾਲੇ, ਭਾਈ ਪਰਮਜੀਤ ਸਿੰਘ ਜਲੰਧਰ ਵਾਲੇ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਉਣਗੇ। ਇਸ ਉਪਰੰਤ ਮਨਮੋਹਕ ਆਤਿਸ਼ਬਾਜ਼ੀ ਦਾ ਨਜ਼ਾਰਾ ਵੇਖਣਯੋਗ ਹੋਵੇਗਾ।
ਐਤਵਾਰ ਨੂੰ ਗੁਰੂਦੁਆਰਾ ਸਾਹਿਬ ਵਿਖੇ ਆਸਟ੍ਰੇਲੀਆਈ ਕਬੱਡੀ ਫੈਡਰੇਸ਼ਨ ਦੀ ਸਰਪ੍ਰਸਤੀ ਹੇਠ ਅੰਤਰਰਾਸ਼ਟਰੀ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਅਮਰੀਕਾ ਅਤੇ ਪੰਜਾਬ ਤੋਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀਆਂ ਕਬੱਡੀ ਟੀਮਾਂ ਦੇ ਫਸਵੇਂ ਮੁਕਾਬਲੇ ਹੋਣਗੇ। ਇਸ ਤੋਂ ਇਲਾਵਾ ਦੌੜਾਂ, ਰੱਸਾਕਸ਼ੀ, ਕੁਰਸੀ ਦੌੜ ਮੁਕਾਬਲਾ ਅਤੇ ਹੋਰ ਵੰਨਗੀਆਂ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਹੋਣਗੀਆਂ।ਐਤਵਾਰ ਨੂੰ ਹੀ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ 12 ਜਾਨਸ਼ੀਨ ਬਾਬਾ ਅਵਤਾਰ ਸਿੰਘ ਜੀ ਸੰਗਤਾਂ ਦੀ ਹਾਜ਼ਰੀ ਵਿਚ ਨਵੇਂ ਦਰਬਾਰ ਹਾਲ ਦਾ ਨੀਂਹ ਪੱਥਰ ਰੱਖਣਗੇ। ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਮਹੱਲਾ ਸਜਾਇਆ ਜਾਵੇਗਾ ਅਤੇ ਖਾਲਸਾਈ ਸ਼ਾਨ ਦੇ ਪ੍ਰਤੀਕ ਗਤਕੇ ਦੇ ਜੌਹਰ ਵਿਖਾਏ ਜਾਣਗੇ। ਪ੍ਰਬੰਧਕਾਂ ਵੱਲੋਂ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਜਾਣਗੇ ਅਤੇ ਸਮੂਹ ਸੰਗਤਾਂ ਨੂੰ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਦਾ ਸੱਦਾ ਹੈ।


Related News