ਇਪਸਾ ਦੇ ਸਮਾਗਮ ''ਚ ਸੁੱਖੀ ਬਾਠ, ਗੁਲਸ਼ਨ ਕੋਮਲ ਤੇ ਮੰਗਲ ਹਠੂਰ ਸਮੇਤ ਕਈ ਸ਼ਖਸੀਅਤਾਂ ਨੇ ਭਰੀ ਹਾਜ਼ਰੀ

Thursday, May 02, 2024 - 10:30 AM (IST)

ਇਪਸਾ ਦੇ ਸਮਾਗਮ ''ਚ ਸੁੱਖੀ ਬਾਠ, ਗੁਲਸ਼ਨ ਕੋਮਲ ਤੇ ਮੰਗਲ ਹਠੂਰ ਸਮੇਤ ਕਈ ਸ਼ਖਸੀਅਤਾਂ ਨੇ ਭਰੀ ਹਾਜ਼ਰੀ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਦੀ ਨਾਮਵਰ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ਼ ਆਸਟ੍ਰੇਲੀਆ ਵੱਲੋਂ ਇਕ ਵਿਸ਼ੇਸ਼ ਸਮਾਗਮ ਰਚਾਇਆ ਗਿਆ। ਜਿਸ ਵਿਚ ਕੈਨੇਡਾ ਦੀ ਸਿਰਮੌਰ ਸਮਾਜਿਕ, ਕਾਰੋਬਾਰੀ ਹਸਤੀ ਅਤੇ ਪੰਜਾਬ ਭਵਨ ਸਰੀ ਦੇ ਸੰਸਥਾਪਕ ਸੁੱਖੀ ਬਾਠ ਨੇ ਮੁੱਖ ਮਹਿਮਾਨ ਨੇ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ਵਿਚ ਪ੍ਰਸਿੱਧ ਗਾਇਕਾ ਗੁਲਸ਼ਨ ਕੋਮਲ ਨੂੰ ਉਨਾਂ ਦੇ ਗਾਇਕੀ ਦੇ ਸਫਰ ਦੇ 50 ਵਰ੍ਹੇ ਪੂਰੇ ਹੋਣ ਤੇ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਸ਼ਹੂਰ ਗੀਤਕਾਰ ਮੰਗਲ ਹਠੂਰ ਦੀ ਪੰਦਰਵੀਂ ਕਿਤਾਬ ‘ਪਿੰਡ ਦਾ ਗੇੜਾ’ ਲੋਕ ਅਰਪਣ ਕੀਤੀ ਗਈ। 

ਸਮਾਗਮ ਦੀ ਸ਼ੁਰੂਆਤ ਤਰਕਸ਼ੀਲ ਲੇਖਕ ਅਤੇ ਸਮਾਜ ਸੇਵੀ ਮਨਜੀਤ ਬੋਪਾਰਾਏ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਉਸ ਤੋਂ ਬਾਅਦ ਸੁਰਜੀਤ ਸੰਧੂ, ਕੁਲਜੀਤ ਸੰਧੂ, ਮੀਤ ਧਾਲੀਵਾਲ, ਗੁਰਜੀਤ ਬਾਰੀਆ, ਬਿੱਕਰ ਬਾਈ, ਮਲਕੀਤ ਧਾਲੀਵਾਲ ਨੇ ਖ਼ੂਬਸੂਰਤ ਗੀਤਾਂ ਨਾਲ ਅਤੇ ਗੀਤਕਾਰ ਨਿਰਮਲ ਦਿਓਲ ਨੇ ਇਕ ਕਵਿਤਾ ਨਾਲ ਹਾਜ਼ਰੀ ਲਵਾਈ। ਇਸ ਮੌਕੇ ਨਾਮਵਰ ਪੰਜਾਬੀ ਪਰਮਜੀਤ ਸਰਾਏ ਅਤੇ ਪ੍ਰਭਜੋਤ ਸਿੰਘ ਸੰਧੂ ਸਿਡਨੀ ਨੇ ਆਪਣੇ ਵਿਚਾਰ ਰੱਖੇ। ਸਮਾਗਮ ਦੇ ਆਖਰੀ ਸ਼ੈਸ਼ਨ ਵਿਚ ਗੀਤਕਾਰ ਮੰਗਲ ਹਠੂਰ ਨੇ ਇੱਕ ਤੋਂ ਬਾਅਦ ਇੱਕ ਸ਼ਾਨਦਾਰ ਗੀਤ ਪੇਸ਼ ਕਰਦਿਆਂ ਮਹਿਫ਼ਲ ਵਿਚ ਰੰਗ ਬੰਨ ਦਿੱਤਾ। ਇਸ ਤੋਂ ਬਾਅਦ ਗਾਇਕਾ ਗੁਲਸ਼ਨ ਕੋਮਲ ਨੇ ਆਪਣੇ ਯਾਦਗਾਰੀ ਗੀਤਾਂ ਨਾਲ ਮਾਹੌਲ ਨੂੰ ਸਿਖ਼ਰ ਤੇ ਪਹੁੰਚਾ ਦਿੱਤਾ। ਪਾਲ ਰਾਊਕੇ ਨਾਲ ਉਸਦਾ ਮਸ਼ਹੂਰ ਦੋਗਾਣਾ ਘਰੇ ਚੱਲ ਕੱਢੂ ਰੜਕਾਂ ਤਾਂ ਸਿਖਰ ਦਾ ਵੀ ਸਿਖਰ ਹੋ ਨਿੱਬੜਿਆ। 

ਪੜ੍ਹੋ ਇਹ ਅਹਿਮ ਖ਼ਬਰ-ਕੈਂਸਰ ਨਾਲ ਜੂਝ ਰਹੇ ਸ਼ਖ਼ਸ ਦੀ ਚਮਕੀ ਕਿਸਮਤ, ਜਿੱਤੀ 10 ਹਜ਼ਾਰ ਕਰੋੜ ਦੀ ਲਾਟਰੀ 

ਅੰਤ ਵਿਚ ਮੁੱਖ ਮਹਿਮਾਨ ਸੁੱਖੀ ਬਾਠ ਨੇ ਪੰਜਾਬ ਭਵਨ ਦੇ ਵਿਸ਼ਵ ਪੱਧਰੀ ਤਾਲਮੇਲ, ਮਨੋਰਥ ਅਤੇ ਪ੍ਰੋਜੈਕਟਾਂ ਬਾਰੇ ਦੱਸਦਿਆਂ ਇਪਸਾ ਦੇ ਕਾਰਜਾਂ ਦੀ ਵੀ ਬਹੁਤ ਸਿਫ਼ਤ ਕੀਤੀ, ਇਸ ਮੌਕੇ ਉਨ੍ਹਾਂ ਨੇ ਇਪਸਾ ਸਾਹਿਤ ਅਕਾਦਮੀ ਲਈ 2000 ਡਾਲਰ, ਇਪਸਾ ਸਪੋਰਟਸ ਅਕਾਦਮੀ ਲਈ 2000 ਡਾਲਰ ਅਤੇ ਆਉਂਦੇ ਰਾਊਕੇ ਵਿਸਾਖੀ ਮੇਲੇ ਲਈ 2000 ਦੀ ਰਾਸ਼ੀ ਦਾਨ ਵਜੋਂ ਦੇਣ ਦਾ ਐਲਾਨ ਕੀਤਾ ਤੇ ਇਹ ਵੀ ਕਿਹਾ ਕਿ ਜੇ ਬ੍ਰਿਸਬੇਨ ਵਿਚ ਪੰਜਾਬ ਭਵਨ ਬਣਦਾ ਹੈ ਤਾਂ ਉਹ ਜ਼ਿਕਰਯੋਗ ਸਾਥ ਦੇਣ ਦਾ ਵਾਅਦਾ ਕਰਦੇ ਹਨ। ਇਪਸਾ ਵੱਲੋਂ ਗਾਇਕਾ ਗੁਲਸ਼ਨ ਕੋਮਲ ਨੂੰ ਇਪਸਾ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ 500 ਡਾਲਰ ਅਤੇ ਗੀਤਕਾਰ ਮੰਗਲ ਹਠੂਰ ਨੂੰ 1000 ਡਾਲਰ ਨਾਲ ਇਪਸਾ ਸੋਵੀਨਾਰ ਪ੍ਰਦਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ ਬਾਸੀ, ਅਮਰਜੀਤ ਸਿੰਘ ਮਾਹਲ, ਤਰਸੇਮ ਸਿੰਘ ਸਹੋਤਾ, ਪ੍ਰੀਤਮ ਸਿੰਘ ਝੱਜ, ਪਾਲ ਰਾਊਕੇ, ਗੁਰਵਿੰਦਰ ਸਿੰਘ ਖੱਟੜਾ, ਦਲਵੀਰ ਹਲਵਾਰਵੀ, ਨਿਰਮਲਜੀਤ ਨਿੰਮਾ ਨਿਊਜ਼ੀਲੈਂਡ, ਬਲਜੀਤ ਬਾਠ, ਬਿਕਰਮਜੀਤ ਚੰਦੀ, ਗੁਰਜੀਤ ਉੱਪਲ਼, ਇਕਬਾਲ ਸਿੰਘ ਧਾਮੀ, ਸ਼ਮਸ਼ੇਰ ਸਿੰਘ ਚੀਮਾ, ਸੁਖਮੰਦਰ ਸਿੰਘ ਸੰਧੂ ਆਦਿ ਨਾਮਵਰ ਹਸਤੀਆਂ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਸਰਬਜੀਤ ਸੋਹੀ ਵੱਲੋਂ ਨਿਭਾਈ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News