ਮੰਦਭਾਗੀ ਖ਼ਬਰ, ਸੁਨਹਿਰੀ ਭਵਿੱਖ ਲਈ ਕੈਨੇਡਾ ਗਏ 2 ਪੰਜਾਬੀ ਵਿਦਿਆਰਥੀਆਂ ਦੀ ਮੌਤ
Wednesday, Aug 03, 2022 - 03:32 PM (IST)
ਨਿਊਯਾਰਕ/ਵੈਨਕੂਵਰ (ਰਾਜ ਗੋਗਨਾ)- ਕੈਨੇਡਾ 'ਚ ਬੀਤੇ ਦਿਨੀਂ ਵਾਪਰੇ 2 ਵੱਖ-ਵੱਖ ਸੜਕ ਹਾਦਸਿਆਂ ਵਿਚ ਭਾਰਤ ਦੇ ਹਰਿਆਣਾ ਸੂਬੇ ਨਾਲ ਸਬੰਧਤ 2 ਪੰਜਾਬੀ ਵਿਦਿਆਰਥੀਆਂ ਦੀ ਮੌਤ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਕ ਨੌਜਵਾਨ ਵਿਦਿਆਰਥੀ, ਜੋ ਸੇਂਟ ਜੌਨਜ਼ ਨਿਊਫਾਊਂਡਲੈਂਡ ਕੈਨੇਡਾ ਵਿੱਚ ਇੱਕ ਕਾਰ ਹਾਦਸੇ ਵਿੱਚ ਮਾਰਿਆ ਗਿਆ ਸੀ, ਉਸ ਦੀ ਪਛਾਣ ਸੰਦੀਪ ਸਿੰਘ ਧਾਲੀਵਾਲ ਪੁੱਤਰ ਬਹਾਦਰ ਸਿੰਘ ਵਜੋਂ ਹੋਈ ਹੈ। ਇਸ ਨੌਜਵਾਨ ਦਾ ਭਾਰਤ ਤੋਂ ਪਿਛੋਕੜ ਹਰਿਆਣਾ ਰਾਜ ਦੇ ਪਿੰਡ ਅਲੀਕਾ ਜ਼ਿਲ੍ਹਾ ਸਿਰਸਾ ਸੀ। ਜੋ ਸਾਲ 2021 ਵਿਚ ਸਤੰਬਰ ਮਹੀਨੇ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਪੜ੍ਹਾਈ ਲਈ ਕੈਨੇਡਾ ਆਇਆ ਸੀ। ਮ੍ਰਿਤਕ ਸੰਦੀਪ ਸਿੰਘ ਧਾਲੀਵਾਲ ਦੀ ਮ੍ਰਿਤਕ ਦੇਹ ਉਸ ਦੀ ਜਨਮ ਭੂਮੀ ਵਿਖੇ ਭੇਜਣ ਲਈ ਉਸ ਦੇ ਨਜ਼ਦੀਕੀ ਵੱਲੋਂ ਗੌਫੰਡਮੀ 'ਤੇ ਫੰਡ ਇਕੱਠਾ ਕੀਤਾ ਜਾ ਰਿਹਾ ਹੈ ਤਾਂ ਜੋ ਉਸ ਦੇ ਮਾਪੇ ਆਪਣੇ ਪੁੱਤ ਦਾ ਆਖ਼ਰੀ ਵਾਰ ਮੂੰਹ ਵੇਖ ਸਕਣ ਅਤੇ ਉਸ ਦਾ ਸੰਸਕਾਰ ਉਸ ਦੀ ਜਨਮ ਭੂਮੀ 'ਤੇ ਕੀਤਾ ਜਾ ਸਕੇ।
ਇਹ ਵੀ ਪੜ੍ਹੋ: ਪਾਕਿ ਔਰਤਾਂ ਦੇ ਅੰਗ ਕੱਟ ਕੇ ਕਈ ਤਰ੍ਹਾਂ ਦੇ ਪ੍ਰਯੋਗ ਕਰ ਰਹੇ ਹਨ ਚੀਨੀ ਵਿਗਿਆਨੀ
ਉਥੇ ਹੀ ਬਿਟ੍ਰਿਸ਼ ਕੋਲੰਬੀਆ ਵਿਖੇ ਵਾਪਰੇ ਇਕ ਹੋਰ ਹਾਦਸੇ ਵਿਚ ਨੌਜਵਾਨ ਜਸਕੀਰਤ ਸਿੰਘ, ਜੋ ਵਿਦਿਆਰਥੀ ਵੀਜ਼ੇ 'ਤੇ ਸਾਲ 2018 ਵਿਚ ਕੈਨੇਡਾ ਵਿਚ ਪੜ੍ਹਾਈ ਲਈ ਆਇਆ ਸੀ, ਦੀ ਮੌਤ ਹੋ ਗਈ। ਜਸਕੀਰਤ ਦਾ ਪਿਛੋਕੜ ਅੰਬਾਲਾ ਨਾਲ ਦੱਸਿਆ ਜਾਂਦਾ ਹੈ। ਮ੍ਰਿਤਕ ਸੰਦੀਪ ਸਿੰਘ ਧਾਲੀਵਾਲ ਦੀ ਮੌਤ ਸੇਂਟ ਜੌਨਜ਼ ਦੇ ਪੱਛਮ ਵੱਲ ਸੋਲਜਰਜ਼ ਪੌਂਡ ਦੇ ਨੇੜੇ ਟ੍ਰਾਂਸ ਕੈਨੇਡਾ ਹਾਈਵੇਅ ’ਤੇ ਲੰਘੇ ਸ਼ਨੀਵਾਰ ਕਾਰ ਹਾਦਸੇ ਵਿਚ ਹੋਈ ਸੀ। ਇਸ ਹਾਦਸੇ ਵਿਚ ਸੰਦੀਪ ਦੀ ਕਾਰ ਬੇਕਾਬੂ ਹੋ ਕੇ ਕਈ ਪਲਟੀਆਂ ਖਾਂਦੀ ਹੋਈ ਹਾਈਵੇਅ ਦੇ ਵਿਚਕਾਰ ਬਣੇ ਇਕ ਡਿਵਾਈਡਰ ’ਤੇ ਜਾ ਚੜ੍ਹੀ ਸੀ। ਇਸ ਹਾਦਸੇ ਮਗਰੋਂ ਸਥਾਨਕ ਪੈਰਾਮੈਡਿਕਸ ਵੱਲੋਂ ਉਸ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: 65000 ਫੁੱਟ ਦੀ ਉਚਾਈ ਤੋਂ ਘਰ ਦੀ ਛੱਤ 'ਤੇ ਡਿੱਗਾ ਸਕਾਈਡਾਈਵਰ, ਹੋਈ ਮੌਤ