ਰੋਜ਼ਾਨਾ ਕਸਰਤ ਕਰਨ ਦੀ ਪਾਓ ਆਦਤ, ਲੰਬੀ ਹੋਵੇਗੀ ਉਮਰ : ਅਧਿਐਨ
Saturday, Mar 30, 2019 - 10:15 AM (IST)

ਵਾਸ਼ਿੰਗਟਨ— ਅਸੀਂ ਸਾਰੇ ਜਾਣਦੇ ਹਾਂ ਕਿ ਨਿਯਮਿਤ ਕਸਰਤ ਨਾਲ ਸਰੀਰ ਅਤੇ ਮਨ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ। ਇਸ ਦਾ ਸਿੱਧਾ ਅਸਰ ਤੁਹਾਡੀ ਉਮਰ 'ਤੇ ਵੀ ਪੈਂਦਾ ਹੈ। ਇਕ ਅਧਿਐਨ 'ਚ ਪਾਇਆ ਗਿਆ ਹੈ ਕਿ ਕਸਰਤ ਦੀ ਆਦਤ ਨਾਲ ਉਮਰ ਲੰਬੀ ਕੀਤੀ ਜਾ ਸਕਦੀ ਹੈ। ਇਹ ਸੋਧ 3 ਲੱਖ ਲੋਕਾਂ 'ਤੇ ਕੀਤੀ ਗਈ ਹੈ।
ਖੋਜਕਾਰਾਂ ਮੁਤਾਬਕ,''ਅਜਿਹੇ ਲੋਕ ਜੋ ਸਾਲਾਂ ਤੋਂ ਕੋਈ ਕਸਰਤ ਨਹੀਂ ਕਰਦੇ ਅਤੇ 50 ਕੁ ਸਾਲ 'ਚ ਇਸ ਨੂੰ ਆਪਣੀ ਆਦਤ ਬਣਾਉਂਦੇ ਹਨ ਉਹ ਵੀ ਆਪਣੀ ਜ਼ਿੰਦਗੀ ਲੰਬੀ ਕਰ ਸਕਦੇ ਹਨ ਪਰ ਕਸਰਤ ਬੰਦ ਕਰਨ ਨਾਲ ਇਸ ਦਾ ਉਲਟਾ ਨਤੀਜਾ ਸਾਹਮਣੇ ਆ ਸਕਦਾ ਹੈ। ਅਧਿਐਨ 'ਚ ਪਾਇਆ ਗਿਆ ਹੈ ਕਿ ਕਸਰਤ ਬੰਦ ਕਰਨ ਨਾਲ ਲੰਬੀ ਉਮਰ ਹੋਣ ਦਾ ਲਾਭ ਸੀਮਤ ਜਾਂ ਖਤਮ ਵੀ ਹੋ ਸਕਦਾ ਹੈ।''
ਅਧਿਐਨ ਦੌਰਾਨ ਖੋਜੀਆਂ ਨੇ 50 ਤੋਂ 71 ਸਾਲ ਦੀ ਉਮਰ ਦੇ 3 ਲੱਖ ਤੋਂ ਜ਼ਿਆਦਾ ਪੁਰਸ਼ਾਂ ਅਤੇ ਔਰਤਾਂ ਨਾਲ ਉਨ੍ਹਾਂ ਦੀ ਸਿਹਤ ਬਾਰੇ ਪ੍ਰਸ਼ਾਨਵਲੀ ਭਰਵਾਈ। ਇਸ 'ਚ ਉਨ੍ਹਾਂ ਦੇ ਖਾਣ-ਪੀਣ ਅਤੇ ਕਸਰਤ ਕਰਨ ਦੀ ਆਦਤ 'ਤੇ ਗੌਰ ਕੀਤਾ ਗਿਆ। ਕੁਝ ਪੁਰਸ਼ਾਂ ਅਤੇ ਔਰਤਾਂ ਨੇ ਕਿਹਾ ਕਿ ਉਹ ਜਵਾਨੀ ਦੀ ਉਮਰ ਤੋਂ ਨਿਯਮਿਤ ਤੌਰ 'ਤੇ ਕਸਰਤ ਕਰ ਰਹੇ ਹਨ। ਕੁੱਝ ਨੇ ਕਿਹਾ ਕਿ ਉਨ੍ਹਾਂ ਨੇ 50 ਕੁ ਸਾਲ ਦੀ ਉਮਰ 'ਚ ਕਸਰਤ ਕਰਨੀ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਉਹ ਕਈ ਬੀਮਾਰੀਆਂ ਤੋਂ ਬਚੇ ਹੋਏ ਹਨ। ਨਿਯਮਿਤ ਰੂਪ ਨਾਲ ਕਿਰਿਆਸ਼ੀਲ ਰਹਿਣ ਅਤੇ ਕਸਰਤ ਕਰਨ ਵਾਲੇ ਲੋਕਾਂ 'ਚ ਹਾਰਟ ਅਟੈਕ ਨਾਲ ਮੌਤ ਦਾ ਸ਼ੱਕ ਤਕਰੀਬਨ 40 ਫੀਸਦੀ ਘੱਟ ਪਾਈ ਗਈ।