ਕੋਵਿਡ-19 : ਕੈਨੇਡਾ ਨੂੰ ਭਾਰੀ ਪਏ 2020 ਦੇ 7 ਮਹੀਨੇ, ਗਈਆਂ 10 ਹਜ਼ਾਰ ਤੋਂ ਵੱਧ ਜਾਨਾਂ

Wednesday, Oct 28, 2020 - 12:24 PM (IST)

ਕੋਵਿਡ-19 : ਕੈਨੇਡਾ ਨੂੰ ਭਾਰੀ ਪਏ 2020 ਦੇ 7 ਮਹੀਨੇ, ਗਈਆਂ 10 ਹਜ਼ਾਰ ਤੋਂ ਵੱਧ ਜਾਨਾਂ

ਟੋਰਾਂਟੋ- ਸਾਲ 2020 ਕੋਰੋਨਾ ਵਾਇਰਸ ਦਾ ਬਹੁਤ ਵੱਡਾ ਦਰਦ ਦੇ ਗਿਆ ਹੈ, ਜਿਸ ਨੇ ਕਈ ਪਰਿਵਾਰਾਂ ਦੇ ਦੀਵੇ ਬੁਝਾ ਦਿੱਤੇ ਹਨ। ਕਈ ਲੋਕ ਆਪਣੀਆਂ ਖੁਆਇਸ਼ਾਂ ਤੇ ਸੁਪਨੇ ਅੱਖਾਂ ਵਿਚ ਲੈ ਕੇ ਹੀ ਚੱਲ ਵਸੇ ਨੇ ਤੇ ਕਈਆਂ ਦੇ ਪਰਿਵਾਰਾਂ ਵਿਚ ਤਾਂ ਕੋਈ ਘਰ ਨੂੰ ਸਾਂਭਣ ਵਾਲਾ ਹੀ ਨਹੀਂ ਬਚਿਆ ਹੈ। ਬੇਰੁਜ਼ਗਾਰੀ ਤੇ ਪਰੇਸ਼ਾਨੀਆਂ ਨੇ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਨੂੰ ਬਹੁਤ ਮੁਸ਼ਕਲ ਬਣਾ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਕੈਨੇਡਾ ਲਈ ਵੀ 2020 ਦੇ ਇਹ 7 ਮਹੀਨੇ ਬਹੁਤ ਦਰਦ ਲੈ ਕੇ ਆਏ। ਬ੍ਰਿਟਿਸ਼ ਕੋਲੰਬੀਆ ਵਿਚ ਮਾਰਚ ਮਹੀਨੇ ਕੋਰੋਨਾ ਵਾਇਰਸ ਕਾਰਨ ਪਹਿਲੀ ਮੌਤ ਹੋਈ ਸੀ, ਜੋ 80 ਸਾਲਾ ਬਜ਼ੁਰਗ ਦੀ ਸੀ ਤੇ ਫਿਰ ਤੇਜ਼ੀ ਨਾਲ ਵਾਇਰਸ ਫੈਲਦਾ ਗਿਆ ਤੇ ਕੈਨੇਡਾ ਵਿਚ ਕੋਰੋਨਾ ਕਾਰਨ ਹੁਣ ਤੱਕ 10 ਹਜ਼ਾਰ ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। 
ਲੰਬੇ ਸਮੇਂ ਤੋਂ ਕੇਅਰ ਹੋਮਜ਼ ਵਿਚ ਰਹਿਣ ਵਾਲੇ ਬਜ਼ੁਰਗ ਇਸ ਦੇ ਵਧੇਰੇ ਸ਼ਿਕਾਰ ਬਣੇ। ਇਸ ਦੇ ਇਲਾਵਾ ਬਹੁਤ ਸਾਰੇ ਨੌਜਵਾਨ ਇਸ ਦੀ ਲਪੇਟ ਵਿਚ ਆਏ ਤੇ ਕਈਆਂ ਦੇ ਘਰ ਬਰਬਾਦ ਹੋ ਗਏ। 

ਕੋਰੋਨਾ ਕਾਰਨ ਆਰਥਿਕ ਸਥਿਤੀ ਖਰਾਬ ਹੋ ਰਹੀ ਹੈ। ਸਕੂਲ ਬੰਦ ਕਰਨੇ ਪੈ ਰਹੇ ਹਨ ਤੇ ਕਈ ਕਾਰੋਬਾਰ ਠੱਪ ਹੋਣ ਦੀ ਕਗਾਰ 'ਤੇ ਪੁੱਜ ਗਏ ਹਨ। ਲੋਕ ਮਾਸਕ ਲਾਉਣ ਸਣੇ ਹੋਰ ਸਖ਼ਤ ਪਾਬੰਦੀਆਂ ਕਾਰਨ ਪਿੰਜਰੇ ਵਿਚ ਫਸੇ ਹੋਣ ਵਾਂਗ ਮਹਿਸੂਸ ਕਰ ਰਹੇ ਹਨ ਪਰ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਇਹੋ ਹੀ ਇਕੋ-ਇਕ ਰਾਹ ਕਿ ਅਸੀਂ ਸਮਾਜਕ ਦੂਰੀ ਬਣਾਈਏ ਤੇ ਮਾਸਕ ਲਗਾ ਕੇ ਰੱਖੀਏ। 

ਕੈਨੇਡਾ ਵਿਚ 2,22,887 ਲੋਕ ਕੋਰੋਨਾ ਦੇ ਸ਼ਿਕਾਰ ਹੋਏ, ਜਿਨ੍ਹਾਂ ਵਿਚੋਂ 1,86,464 ਲੋਕ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਹੁਣ ਤੱਕ 10,001 ਲੋਕ ਕੋਰੋਨਾ ਕਾਰਨ ਜਾਨ ਗੁਆ ਚੁੱਕੇ ਹਨ ਤੇ ਇਸ ਸਮੇਂ ਦੇਸ਼ ਵਿਚ ਕੋਰੋਨਾ ਦੇ 26,369 ਕਿਰਿਆਸ਼ੀਲ ਮਾਮਲੇ ਹਨ। ਕਈ ਲੋਕ ਹਸਪਤਾਲਾਂ ਵਿਚ ਇਲਾਜ ਕਰਵਾ ਰਹੇ ਹਨ ਤੇ ਕਈ ਕੇਅਰ ਹੋਮਜ਼ ਵਿਚ ਇਲਾਜ ਕਰਵਾ ਰਹੇ ਹਨ। 


author

Lalita Mam

Content Editor

Related News