USA ਨੇ ਕੋਰੋਨਾ ਨਾਲ ਲੜਨ ਲਈ ਭਾਰਤ ਤੋਂ ਮੰਗਵਾਈ ਇਹ ਦਵਾਈ, ਟਰੰਪ ਬੋਲੇ- 'ਮੈਂ ਵੀ ਖਾਊਂਗਾ'

4/5/2020 1:09:35 PM

ਵਾਸ਼ਿੰਗਟਨ : ਕੋਰੋਨਾ ਨੇ ਦੁਨੀਆ ਵਿਚ ਹਫੜਾ-ਦਫੜੀ ਮਚਾਈ ਹੋਈ ਹੈ। ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਕੋਰੋਨਾ ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ ਨਿਰੰਤਰ ਵੱਧ ਰਹੀ ਹੈ। ਇਸ ਵਿਚਕਾਰ ਯੂ. ਐੱਸ. ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਦਦ ਮੰਗੀ ਹੈ ਅਤੇ ਹਾਈਡ੍ਰੋਕਸੀਕਲੋਰੋਕਿਨ (Hydroxychloroquine) ਗੋਲੀਆਂ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ ਹੈ। ਸ਼ਨੀਵਾਰ ਨੂੰ ਟਰੰਪ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ, "ਮੈਂ ਫੋਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕੀਤੀ ਹੈ। ਉਨ੍ਹਾਂ ਨੂੰ ਹਾਈਡ੍ਰੋਕਸੀਕਲੋਰੋਕਿਨ ਦੀ ਖੇਪ ਭੇਜਣ ਦੀ ਗੁਜਾਰਿਸ਼ ਕੀਤੀ ਹੈ, ਤਾਂ ਕਿ ਅਸੀਂ ਕੋਵਿਡ-19 ਪੀੜਤਾਂ ਦਾ ਬਿਹਤਰ ਇਲਾਜ ਕਰ ਸਕੀਏ।"

PunjabKesari

ਟਰੰਪ ਨੇ ਕਿਹਾ ਕਿ ਭਾਰਤ ਇਸ ਦਵਾਈ ਨੂੰ ਵੱਡੀ ਮਾਤਰਾ ‘ਚ ਬਣਾਉਂਦਾ ਹੈ। ਭਾਰਤ ਦੀ ਆਬਾਦੀ 1 ਅਰਬ ਤੋਂ ਵੱਧ ਹੈ। ਉਨ੍ਹਾਂ ਨੂੰ ਆਪਣੇ ਲੋਕਾਂ ਲਈ ਵੀ ਇਸ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਹੈ ਕਿ ਜੇਕਰ ਉਹ ਸਾਡਾ ਆਰਡਰ ਭੇਜਦੇ ਹਨ ਤਾਂ ਮੈਂ ਉਨ੍ਹਾਂ ਦਾ ਧੰਨਵਾਦ ਕਰਾਂਗਾ। ਦਰਅਸਲ, ਹਾਈਡ੍ਰੋਕਸੀਕਲੋਰੋਕਿਨ ਦੀ ਵਰਤੋਂ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਕੀਤੀ ਜਾ ਰਹੀ ਹੈ। ਟਰੰਪ ਨੇ ਬਿਨਾਂ ਝਿਜਕਦੇ ਇਹ ਵੀ ਕਿਹਾ, "ਮੈਂ ਵੀ ਇਹ ਦਵਾਈ ਖਾਵਾਂਗਾ ਤੇ ਇਸ ਲਈ ਆਪਣੇ ਡਾਕਟਰ ਨਾਲ ਗੱਲ ਕਰਾਂਗਾ।" ਦੱਸ ਦੇਈਏ ਕਿ ਭਾਰਤ ਸਰਕਾਰ ਨੇ ਇਸ ਦਵਾਈ ਦੀ ਬਰਾਮਦ ਤੇ ਇਸ ਦੇ ਫਾਰਮੂਲੇ ਨੂੰ ਕਿਸੇ ਹੋਰ ਦੇਸ਼ ਨੂੰ ਦਿੱਤੇ ਜਾਣ 'ਤੇ ਰੋਕ ਲਾਈ ਹੋਈ ਹੈ।

PunjabKesari

ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਸ਼ਵ ਵਿਚ ਸਭ ਤੋਂ ਵੱਧ ਹੈ। ਅਮਰੀਕਾ ਵਿਚ ਇਸ ਵਾਇਰਸ ਨਾਲ ਤਿੰਨ ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ ਅਤੇ ਇੱਥੇ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 8 ਹਜ਼ਾਰ ਤੋਂ ਵੱਧ ਹੋ ਗਈ ਹੈ। ਪੀੜਤਾਂ ਤੇ ਮੌਤਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ।

PunjabKesari

ਕਿਉਂ ਮੰਗੀ ਭਾਰਤ ਕੋਲੋਂ ਦਵਾਈ? 
ਮਲੇਰੀਆ ਵਰਗੀ ਖਤਰਨਾਕ ਬੀਮਾਰੀ ਨਾਲ ਲੜਨ ਵਿਚ ਇਹ ਦਵਾਈ ਬੇਹੱਦ ਮਦਦਗਾਰ ਹੈ। ਭਾਰਤ ਵਿਚ ਹਰ ਸਾਲ ਲੋਕ ਮਲੇਰੀਆ ਦੀ ਲਪੇਟ ਵਿਚ ਆ ਜਾਂਦੇ ਹਨ। ਇਸ ਲਈ ਭਾਰਤੀ ਦਵਾਈ ਕੰਪਨੀਆਂ ਵੱਡੇ ਪੱਧਰ 'ਤੇ ਇਸ ਨੂੰ ਬਣਾਉਂਦੀਆਂ ਹਨ। ਹੁਣ ਇਹ ਦਵਾਈ ਕੋਰੋਨਾ ਵਾਇਰਸ ਨਾਲ ਲੜਨ ਵਿਚ ਕਾਰਗਰ ਸਿੱਧ ਹੋ ਰਹੀ ਹੈ, ਉਦੋਂ ਤੋਂ ਇਸ ਦੀ ਮੰਗ ਹੋਰ ਵੱਧ ਗਈ ਹੈ। ਹਾਲਾਂਕਿ ਕੱਚੇ ਮਾਲ ਦੀ ਕਮੀ ਨੇ ਦਵਾਈ ਬਣਾਉਣ ਨੂੰ ਪ੍ਰਭਾਵਿਤ ਕੀਤਾ ਹੈ। ਵਿਸ਼ਵ ਪੱਧਰ 'ਤੇ ਲਾਕਡਾਊਨ ਕਾਰਨ ਭਾਰਤੀ ਦਵਾਈ ਨਿਰਮਾਤਾ ਕੰਪਨੀਆਂ ਨੇ ਸਰਕਾਰ ਤੋਂ ਇਸ ਦਵਾਈ ਲਈ ਕੱਚੇ ਮਾਲ ਨੂੰ ਏਅਰਲਿਫਟ ਜ਼ਰੀਏ ਮੰਗਵਾਉਣ ਦੀ ਮੰਗ ਕੀਤੀ ਹੈ। 

PunjabKesari


Lalita Mam

Edited By Lalita Mam