ਕੋਵਿਡ-19 : ਇਟਲੀ ਸਰਕਾਰ ਨੇ ਪੰਜਾਬੀਆਂ ਨੂੰ ਅਲਰਟ ਕਰਨ ਲਈ ਚੁੱਕੇ ਇਹ ਕਦਮ

Saturday, Mar 28, 2020 - 06:44 AM (IST)

ਕੋਵਿਡ-19 : ਇਟਲੀ ਸਰਕਾਰ ਨੇ ਪੰਜਾਬੀਆਂ ਨੂੰ ਅਲਰਟ ਕਰਨ ਲਈ ਚੁੱਕੇ ਇਹ ਕਦਮ

ਰੋਮ, (ਕੈਂਥ) : ਪੂਰੀ ਇਟਲੀ ਵਿਚ ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਨੇ ਦੇਸ਼ ਨੂੰ ਕੋਰੋਨਾ ਵਾਇਰਸ ਮੁਕਤ ਕਰਨ ਲਈ 3 ਅਪ੍ਰੈਲ ਤੱਕ ਰੈੱਡ ਅਲਰਟ ਐਲਾਨਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਵੀ ਹੋਰ ਰੋਜ਼ ਇਟਲੀ ਵਿੱਚ ਹਜ਼ਾਰਾਂ ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਰਹੇ ਹਨ।ਜਿਹੜੇ ਇਟਾਲੀਅਨ ਜਾਂ ਵਿਦੇਸ਼ੀ ਲੋਕ ਦੇਸ਼ ਵਿੱਚ ਚੱਲ ਰਹੇ ਮਾੜੇ ਦੌਰ ਨੂੰ ਅਤੇ ਕੋਰੋਨਾਵਾਇਰਸ ਦੀ ਤਬਾਹੀ ਸਮਝ ਗਏ ਹਨ ਉਹ ਤਾਂ ਘਰਾਂ ਵਿੱਚ ਰਹਿ ਕੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਨ ਪਰ ਜੋ ਇਸ ਨੂੰ ਮਜ਼ਾਕ ਸਮਝ ਕੇ ਪੂਰੇ ਦੇਸ਼ ਨੂੰ ਖਤਰੇ ਵਿੱਚ ਪਾ ਰਹੇ ਹਨ ਅਜਿਹੇ ਲੋਕਾਂ ਨੂੰ ਨੱਥ ਪਾਉਣ ਲਈ ਪੁਲਸ ਪ੍ਰਸ਼ਾਸ਼ਨ ਹਰ ਰੋਜ਼ ਜੁਰਮਾਨੇ ‘ਤੇ ਜੁਰਮਾਨੇ ਠੋਕ ਰਿਹਾ ਹੈ।

PunjabKesari
ਇਟਲੀ ਪੁਲਸ ਨੇ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ 1,10,000 ਤੋਂ ਵੱਧ ਜੁਰਮਾਨੇ ਠੋਕੇ ਹਨ। ਪ੍ਰਸ਼ਾਸ਼ਨ ਵੱਲੋਂ ਹਰ ਸ਼ਹਿਰ ਤੇ ਪਿੰਡ ਦੀ ਗਲੀ-ਗਲੀ ਜਾ ਕੇ ਲੋਕਾਂ ਨੂੰ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਬਿਨਾਂ ਬਾਹਰ ਨਾ ਆਉਣ ਲਈ ਮੁਨਾਦੀਆਂ ਕੀਤੀਆਂ ਜਾ ਰਹੀਆਂ ਹਨ। ਇਟਲੀ ਦਾ ਮਿੰਨੀ ਪੰਜਾਬ ਲਾਸੀਓ ਸੂਬਾ ਜਿੱਥੇ ਪੰਜਾਬੀ ਭਾਰਤੀ ਹਜ਼ਾਰਾਂ ਦੀ ਗਿਣਤੀ ਵਿੱਚ ਰਹਿੰਦੇ ਹਨ ਤੇ ਇਹਨਾਂ ਵਿੱਚ ਸੈਂਕੜੇ ਅਜਿਹੇ ਹਨ ਜਿਨ੍ਹਾਂ ਨੂੰ ਇਟਾਲੀਅਨ ਭਾਸ਼ਾ ਦਾ ਜ਼ਿਆਦਾ ਗਿਆਨ ਨਹੀਂ। ਪ੍ਰਸ਼ਾਸ਼ਨ ਅਜਿਹੇ ਪੰਜਾਬੀਆਂ ਨੂੰ ਸਰਕਾਰੀ ਹੁਕਮ ਸਮਝਾਉਣ ਲਈ ਪੰਜਾਬੀ ਭਾਈਚਾਰੇ ਦੇ ਸਮਾਜ ਸੇਵੀ ਲੋਕਾਂ ਦੀ ਮਦਦ ਲੈ ਰਹੀ ਹੈ।

ਲਾਤੀਨਾ ਦੇ ਸਬਾਊਦੀਆ ਸ਼ਹਿਰ ਵਿਚ ਪੁਲਸ ਪ੍ਰਸ਼ਾਸ਼ਨ ਵੱਲੋਂ ਸਮਾਜ ਸੇਵਕ ਹਰਭਜਨ ਸਿੰਘ ਘੁੰਮਣ ਤੋਂ ਪ੍ਰਸ਼ਾਸ਼ਨ ਦੀ ਮਦਦ ਲਈ ਸੇਵਾਵਾਂ ਲਈਆਂ ਜਾ ਰਹੀਆਂ ਹਨ । ਹਰਭਜਨ ਸਿੰਘ ਘੁੰਮਣ ਤੋਂ ਪੁਲਸ ਪ੍ਰਸ਼ਾਸ਼ਨ ਨੇ ਸਰਕਾਰੀ ਹੁਕਮਾਂ ਨੂੰ ਪੰਜਾਬੀ ਵਿਚ ਰਿਕਾਰਡ ਕਰਵਾ ਲਿਆ ਹੈ ਤੇ ਹੁਣ ਸਰਕਾਰੀ ਹੁਕਮਾਂ ਦੀ ਪੰਜਾਬੀ ਵਿੱਚ ਮੁਨਾਦੀ ਦਿਨ ਵਿੱਚ ਕਈ ਵਾਰ ਕਰਕੇ ਪੰਜਾਬੀ ਭਾਈਚਾਰੇ ਨੂੰ ਇਹ ਸਮਝਾਇਆ ਜਾਂਦਾ ਹੈ ਕਿ ਇਲਾਕੇ ਦੇ ਪੰਜਾਬੀ ਲੋਕ ਬਿਨਾਂ ਕੰਮ ਘਰੋਂ ਬਾਹਰ ਨਾ ਨਿਕਲਣ । ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਲਈ ਸੰਬੰਧਤ ਵਿਅਕਤੀ ਨੂੰ ਭਾਰੀ ਜੁਰਮਾਨਾ ਅਤੇ ਜੇਲ ਹੋ ਸਕਦੀ ਹੈ।
 


author

Lalita Mam

Content Editor

Related News