ਕੋਵਿਡ-19 : ਨਿਊਜਰਸੀ ਦੇ ਅਟਾਰਨੀ ਜਨਰਲ ਗਰੇਵਾਲ ਨੇ ਲੋਕਾਂ ਨੂੰ ਮੁੜ ਕੀਤਾ ਅਲਰਟ

Sunday, Mar 29, 2020 - 01:17 PM (IST)

ਕੋਵਿਡ-19 : ਨਿਊਜਰਸੀ ਦੇ ਅਟਾਰਨੀ ਜਨਰਲ ਗਰੇਵਾਲ ਨੇ ਲੋਕਾਂ ਨੂੰ ਮੁੜ ਕੀਤਾ ਅਲਰਟ

ਨਿਊਜਰਸੀ,( ਰਾਜ ਗੋਗਨਾ ):  ਨਿਊਜਰਸੀ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਸ. ਗੁਰਬੀਰ ਸਿੰਘ ਗਰੇਵਾਲ ਨੇ ਆਪਣੇ ਸੰਦੇਸ਼ ਨੂੰ ਦੁਬਾਰਾ ਦੁਹਰਾਇਆ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਕੋਵਿਡ -19 ਮਹਾਂਮਾਰੀ ਦੌਰਾਨ ਰਾਜਪਾਲ ਦੇ ਕਾਰਜਕਾਰੀ ਆਦੇਸ਼ਾਂ ਨੂੰ ਬਹੁਤ ਸਖਤੀ ਨਾਲ ਲਾਗੂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਦੋਸ਼ੀਆਂ ਨੂੰ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ। ਅਟਾਰਨੀ ਜਨਰਲ ਸ. ਗਰੇਵਾਲ ਨੇ ਤਿੰਨ ਤਾਜ਼ਾ ਉਦਾਹਰਣਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਕੱਠ ਕਰਨ ਵਾਲੇ ਲੋਕਾਂ ਉੱਤੇ ਕਾਨੂੰਨੀ ਕਾਰਵਾਈ ਹੋ ਰਹੀ ਹੈ ਤੇ ਲੋਕ ਇਸ ਤੋਂ ਬਚ ਕੇ ਰਹਿਣ।

ਨਿਊਜਰਸੀ ਸੂਬੇ ਦੇ ਪੈਨਸ ਗਰੋਵ ਵਿੱਚ ਇੱਕ ਹਾਊਸ ਪਾਰਟੀ ਅਤੇ ਲੇਕਵੁੱਡ ਵਿੱਚ ਇਕ ਰਿਸੈਪਸ਼ਨ ਸਣੇ ਦੋ ਵੱਡੇ ਇਕੱਠ ਕਰਨ ਵਾਲਿਆਂ ‘ਤੇ ਸਖਤ ਕਾਰਵਾਈ ਹੋਈ ਹੈ। ਅਟਾਰਨੀ ਜਨਰਲ ਸ. ਗੁਰਬੀਰ ਗਰੇਵਾਲ ਨੇ ਕਿਹਾ ਕਿ ਸਾਡੇ ਸੂਬਾ ਵਾਸੀਆਂ ਨੂੰ ਕਾਨੂੰਨ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ।

ਗਰੇਵਾਲ ਨੇ ਦੱਸਿਆ ਕਿ ਬੀਤੇ ਸ਼ਨੀਵਾਰ ਨੂੰ ਦੇਰ ਰਾਤ ਨੂੰ ਪੁਲਸ ਨੇ ਪੈਨਸ ਗਰੋਵ ਵਿੱਚ 30 ਤੋਂ ਵੱਧ ਲੋਕਾਂ ਵਲੋਂ ਕੀਤੀ ਜਾ ਰਹੀ ਪਾਰਟੀ ‘ਤੇ ਛਾਪਾ ਮਾਰਿਆ। ਇਕ 37 ਸਾਲਾ ਨੌਜਵਾਨ ਨੂੰ ਇਸ ਦਾ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਇਕ ਵਿਅਕਤੀ ਇਸ ਪਾਰਟੀ ਦੀ ਮੇਜ਼ਬਾਨੀ ਕਰ ਰਿਹਾ ਸੀ ਅਤੇ ਇਸ ਪਾਰਟੀ ਦੀ ਵੀਡੀਓ ਯੂ ਟਿੂਊਬ 'ਤੇ ਪੋਸਟ ਕਰ ਰਿਹਾ ਸੀ। ਉਸ ਨੂੰ ਵੀ ਫੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਇਕੱਠ ਕਰਨ ਤੋਂ ਲੋਕਾਂ ਨੂੰ ਬਚਣਾ ਚਾਹੀਦਾ ਹੈ ਤੇ ਕਾਨੂੰਨ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ। 


author

Lalita Mam

Content Editor

Related News