ਅਦਾਲਤ ਵੱਲੋਂ ਨਕਲੀ ''ਨਰਸ'' ਨੂੰ 18 ਮਹੀਨੇ ਕੈਦ ਦੀ ਸਜ਼ਾ
Saturday, Feb 07, 2026 - 10:03 PM (IST)
ਵੈਨਕੂਵਰ (ਮਲਕੀਤ ਸਿੰਘ) – ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਆਈਲੈਂਡ ਵਿੱਚ ਨਕਲੀ ਨਰਸ ਬਣ ਕੇ ਕੰਮ ਕਰਨ ਵਾਲੀ ਇੱਕ ਔਰਤ ਨੂੰ ਮਾਨਯੋਗ ਅਦਾਲਤ ਵੱਲੋਂ ਧੋਖਾਧੜੀ ਅਤੇ ਝੂਠੀ ਸ਼ਨਾਖਤ ਦੇ ਦੋਸ਼ਾਂ ਹੇਠ 18 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਦੋਸ਼ੀ ਔਰਤ ਨੇ ਆਪਣੇ ਆਪ ਨੂੰ ਰਜਿਸਟਰਡ ਨਰਸ ਦੱਸ ਕੇ ਕਈ ਸਿਹਤ ਸੰਸਥਾਵਾਂ ਵਿੱਚ ਨੌਕਰੀ ਕੀਤੀ ਅਤੇ ਮਰੀਜ਼ਾਂ ਨਾਲ ਸਿੱਧਾ ਸੰਪਰਕ ਬਣਾਇਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਉਹ ਕਦੇ ਵੀ ਬ੍ਰਿਟਿਸ਼ ਕੋਲੰਬੀਆ ਵਿੱਚ ਕਾਨੂੰਨੀ ਤੌਰ ’ਤੇ ਨਰਸ ਵਜੋਂ ਰਜਿਸਟਰਡ ਹੋਈ ਹੀ ਨਹੀਂ ਸੀ।
ਅਦਾਲਤ ਵਿੱਚ ਸੁਣਵਾਈ ਦੌਰਾਨ ਉਸਨੇ ਆਪਣੇ ਅਪਰਾਧ ਕਬੂਲ ਕਰ ਲਏ, ਜਿਸ ਤੋਂ ਬਾਅਦ ਜੱਜ ਵੱਲੋਂ ਉਸ ਨੂੰ ਸਜ਼ਾ ਦੇ ਤੌਰ ’ਤੇ 18 ਮਹੀਨੇ ਦੀ ਕੈਦ ਸੁਣਾਈ ਗਈ। ਅਦਾਲਤ ਨੇ ਕਿਹਾ ਕਿ ਇਸ ਤਰ੍ਹਾਂ ਦੀ ਧੋਖਾਧੜੀ ਨਾਲ ਲੋਕਾਂ ਦੀ ਜ਼ਿੰਦਗੀ ਨੂੰ ਗੰਭੀਰ ਖ਼ਤਰਾ ਪੈਦਾ ਹੋ ਸਕਦਾ ਹੈ ਅਤੇ ਇਹ ਸਿਹਤ ਪ੍ਰਣਾਲੀ ’ਤੇ ਲੋਕਾਂ ਦੇ ਭਰੋਸੇ ਨੂੰ ਨੁਕਸਾਨ ਪਹੁੰਚਾਉਂਦੀ ਹੈ।
ਸਿਹਤ ਅਧਿਕਾਰੀਆਂ ਨੇ ਇਸ ਮਾਮਲੇ ਤੋਂ ਬਾਅਦ ਨਿਯੁਕਤੀਆਂ ਅਤੇ ਦਸਤਾਵੇਜ਼ਾਂ ਦੀ ਜਾਂਚ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਬਣਾਉਣ ਦੀ ਗੱਲ ਕਹੀ ਹੈ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀ ਘਟਨਾ ਨਾ ਵਾਪਰ ਸਕੇ।
