ਅਮਰੀਕਾ ’ਚ ਨਕਲੀ ਕੋਵਿਡ ਵੈਕਸੀਨ ਕਾਰਡ ਕੀਤੇ ਗਏ ਜ਼ਬਤ

Thursday, Sep 16, 2021 - 10:56 PM (IST)

ਅਮਰੀਕਾ ’ਚ ਨਕਲੀ ਕੋਵਿਡ ਵੈਕਸੀਨ ਕਾਰਡ ਕੀਤੇ ਗਏ ਜ਼ਬਤ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ’ਚ ਕੋਰੋਨਾ ਟੀਕਾਕਰਨ ਮੁਹਿੰਮ ਜਾਰੀ ਹੈ। ਕੋਰੋਨਾ ਵੈਕਸੀਨ ਲਗਵਾਉਣ ਵਾਲੇ ਵਿਅਕਤੀ ਨੂੰ ਇਸ ਦੇ ਸਬੂਤ ਵਜੋਂ ਇੱਕ ਵੈਕਸੀਨ ਕਾਰਡ ਦਿੱਤਾ ਜਾਂਦਾ ਹੈ। ਇਸ ਕਾਰਡ ’ਚ ਵਿਅਕਤੀ ਅਤੇ ਵੈਕਸੀਨ ਨਾਲ ਸਬੰਧਿਤ ਜਾਣਕਾਰੀ ਦਰਜ ਹੁੰਦੀ ਹੈ ਪਰ ਅਮਰੀਕਾ 'ਚ ਕੁਝ ਲੋਕਾਂ ਵੱਲੋਂ ਨਕਲੀ ਵੈਕਸੀਨ ਕਾਰਡਾਂ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ਾਸਨ ਵੱਲੋਂ ਸੈਂਕੜੇ ਨਕਲੀ ਵੈਕਸੀਨ ਕਾਰਡ ਜ਼ਬਤ ਵੀ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਰੀਕੀ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ (ਸੀ. ਬੀ. ਪੀ.) ਦੇ ਅਧਿਕਾਰੀਆਂ ਨੇ ਚੀਨ ਤੋਂ ਆਏ ਨਕਲੀ ਕੋਵਿਡ-19 ਟੀਕੇ ਦੇ ਕਾਰਡਾਂ ਦੀਆਂ ਦੋ ਹੋਰ ਖੇਪਾਂ ਜ਼ਬਤ ਕੀਤੀਆਂ ਹਨ, ਜਿਨ੍ਹਾਂ ’ਚ 70 ਨਕਲੀ ਕੋਵਿਡ-19 ਟੀਕਾਕਰਨ ਕਾਰਡ ਸ਼ਾਮਲ ਹਨ।

ਅਧਿਕਾਰੀਆਂ ਨੇ ਬੁੱਧਵਾਰ ਜਾਣਕਾਰੀ ਦਿੱਤੀ ਕਿ ਜਾਅਲੀ ਕਾਰਡਾਂ ਦੇ ਤਾਜ਼ਾ ਬੈਚ ਨੂੰ ਪਿਟਸਬਰਗ, ਪੈਨਸਿਲਵੇਨੀਆ ’ਚ ਕਸਟਮ ਅਤੇ ਬਾਰਡਰ ਪੈਟਰੋਲਿੰਗ ਅਧਿਕਾਰੀਆਂ ਨੇ ਰੋਕਿਆ ਹੈ। ਪੁਲਸ ਅਨੁਸਾਰ ਕਾਰਡਾਂ ਦੀ ਪਹਿਲੀ ਖੇਪ 24 ਅਗਸਤ ਨੂੰ ਪਹੁੰਚੀ ਸੀ ਅਤੇ ਇਸ ’ਚ 20 ਕਾਰਡ ਸਨ ਅਤੇ ਦੂਜਾ ਪਾਰਸਲ, ਜੋ ਉਸੇ ਹੀ ਵਿਅਕਤੀ ਲਈ ਨਿਰਧਾਰਤ ਸੀ, ਮੰਗਲਵਾਰ ਨੂੰ 50 ਕਾਰਡਾਂ ਦੇ ਨਾਲ ਜ਼ਬਤ ਕੀਤਾ ਗਿਆ। ਅਧਿਕਾਰੀਆਂ ਅਨੁਸਾਰ ਇਸ ਸਾਲ ਦੇ ਸ਼ੁਰੂ ’ਚ ਟੇਨੇਸੀ ਵਿੱਚ ਚੀਨ ਤੋਂ ਆਏ 3,000 ਤੋਂ ਵੱਧ ਜਾਅਲੀ ਵੈਕਸੀਨ ਕਾਰਡ ਜ਼ਬਤ ਕੀਤੇ ਗਏ। ਇਸ ਤੋਂ ਇਲਾਵਾ ਪਿਛਲੇ ਮਹੀਨੇ ਐਂਕਰਜ਼ ਹਵਾਈ ਅੱਡੇ ’ਤੇ ਵੀ ਧੋਖਾਧੜੀ ਵਾਲੇ ਕਾਰਡ ਜ਼ਬਤ ਕੀਤੇ ਗਏ। ਸੀ. ਬੀ. ਪੀ. ਨੇ ਚੇਤਾਵਨੀ ਦਿੰਦਿਆਂ ਦੱਸਿਆ ਹੈ ਕਿ ਨਕਲੀ ਕੋਵਿਡ-19 ਵੈਕਸੀਨ ਕਾਰਡ ਖਰੀਦਣਾ, ਵੇਚਣਾ ਜਾਂ ਇਸਤੇਮਾਲ ਕਰਨਾ ਇੱਕ ਅਪਰਾਧ ਹੈ। ਇਸ ਲਈ ਜੁਰਮਾਨਾ ਜਾਂ ਪੰਜ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।


author

Manoj

Content Editor

Related News