70 ਦੇਸ਼ਾਂ ''ਚ ਫੈਲਿਆ ਕੋਰੋਨਾ ਵਾਇਰਸ, ਮ੍ਰਿਤਕਾਂ ਦੀ ਗਿਣਤੀ ਹੋਈ 3100 ਤੋਂ ਪਾਰ
Tuesday, Mar 03, 2020 - 10:46 AM (IST)
ਸਿਡਨੀ— ਮਹਾਮਾਰੀ ਦਾ ਰੂਪ ਲੈ ਚੁੱਕੇ ਕੋਰੋਨਾ ਵਾਇਰਸ ਨੇ ਦੁਨੀਆ ਭਰ 'ਚ 3,115 ਲੋਕਾਂ ਦੀ ਜਾਨ ਲੈ ਲਈ ਹੈ ਜਦਕਿ ਇਸ ਦੇ ਪੀੜਤਾਂ ਦੀ ਗਿਣਤੀ ਵਧ ਕੇ 89,000 ਹੋ ਚੁੱਕੀ ਹੈ। ਹੁਣ ਤਕ 70 ਦੇਸ਼ਾਂ 'ਚ ਇਸ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਚੀਨ 'ਚ ਬੀਤੇ ਦਿਨਾਂ ਦੇ ਮੁਕਾਬਲੇ ਕੋਰੋਨਾ ਕਾਰਨ ਮੌਤ ਦਰ ਘੱਟ ਗਈ ਹੈ ਪਰ ਬਾਕੀ ਦੇਸ਼ਾਂ 'ਚ ਇਸ ਦੇ ਪੀੜਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਚੀਨ 'ਚ ਹੋਈ ਮੌਤ ਦੇ 80 ਫੀਸਦੀ ਮਾਮਲੇ 60 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨਾਲ ਜੁੜੇ ਹਨ। ਘਾਤਕ ਕੋਰੋਨਾ ਵਾਇਰਸ ਦੇ ਪ੍ਰਕੋਪ 'ਤੇ ਚਿੰਤਾ ਪ੍ਰਗਟਾਉਂਦੇ ਹੋਏ ਸੰਯੁਕਤ ਰਾਸ਼ਟਰ ਨੇ ਵਾਇਰਸ ਨੂੰ ਰੋਕਣ ਲਈ ਇਕ ਕਰੋੜ 50 ਲੱਖ ਅਮਰੀਕੀ ਡਾਲਰ ਦੀ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ।
ਚੀਨ 'ਚ 80,151 ਲੋਕਾਂ ਦੇ ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਦੀ ਰਿਪੋਰਟ ਹੈ ਅਤੇ ਇੱਥੇ 2,943 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ 'ਚ ਵੀ ਬੀਤੇ ਦਿਨ ਦੋ ਨਵੇਂ ਕੇਸ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ 3 ਵਿਅਕਤੀਆਂ ਦੇ ਪੀੜਤ ਹੋਣ ਦੀ ਖਬਰ ਮਿਲੀ ਸੀ ਅਤੇ ਉਨ੍ਹਾਂ ਦਾ ਇਲਾਜ ਹੋਣ ਮਗਰੋਂ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਆਓ ਜਾਣਦੇ ਹਾਂ ਹੋਰ ਦੇਸ਼ਾਂ 'ਚ ਕਿੰਨੇ ਮਾਮਲੇ ਸਾਹਮਣੇ ਆਏ ਹਨ।
ਦੇਸ਼ | ਪੀੜਤਾਂ ਦੀ ਗਿਣਤੀ | ਮੌਤਾਂ |
ਦੱਖਣੀ ਕੋਰੀਆ | 4800 | 29 |
ਇਟਲੀ | 1835 | 52 |
ਈਰਾਨ | 1501 | 66 |
ਜਾਪਾਨ | 254 | 12 |
ਹਾਂਗਕਾਂਗ | 100 | 02 |
ਅਮਰੀਕਾ | 75 | 6 |
ਬ੍ਰਿਟੇਨ | 39 | 0 |
ਆਸਟ੍ਰੇਲੀਆ | 31 | 1 |
ਇਨ੍ਹਾਂ ਤੋਂ ਇਲਾਵਾ ਅਲਜੀਰੀਆ, ਕ੍ਰੋਏਸ਼ੀਆ, ਸਪੇਨ, ਸਵਿਟਜ਼ਰਲੈਂਡ, ਇਰਾਕ, ਕੁਵੈਤ, ਓਮਾਨ ਅਤੇ ਸਿੰਗਾਪੁਰ 'ਚ ਵੀ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ।