ਚੀਨ 'ਚ ਫਿਰ ਤੋਂ ਕੋਰੋਨਾ ਵਾਇਰਸ ਦੀ ਦਸਤਕ, 108 ਨਵੇਂ ਮਾਮਲੇ ਆਏ ਸਾਹਮਣੇ

04/13/2020 8:32:56 AM

ਬੀਜਿੰਗ- ਚੀਨ ਵਿਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਘਟਣ ਨਾਲ ਹੀ ਸਰਕਾਰ ਨੇ ਹੌਲੀ-ਹੌਲੀ ਲੋਕਾਂ ਨੂੰ ਛੋਟ ਦੇਣੀ ਸ਼ੁਰੂ ਕਰ ਦਿੱਤੀ ਹੈ ਪਰ ਕੋਰੋਨਾ ਵਾਇਰਸ ਤੋਂ ਪਿੱਛਾ ਛੁਡਾਉਣਾ ਸ਼ਾਇਦ ਇੰਨਾ ਵੀ ਸੌਖਾ ਨਹੀਂ ਹੈ। ਚੀਨ ਵਿਚ ਕੋਰੋਨਾ ਪੀੜਤਾਂ ਦੇ 108 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਸ ਵਿਚ 98 ਮਾਮਲੇ ਵਿਦੇਸ਼ਾਂ ਵਿਚੋਂ ਆਏ ਲੋਕਾਂ ਦੇ ਹਨ। 

ਉੱਥੇ ਹੀ 10 ਸਥਾਨਕ ਲੋਕ ਵੀ ਇਸ ਦੀ ਲਪੇਟ ਵਿਚ ਆਏ ਹਨ, ਜਿਸ ਵਿਚ ਹੇਈਲੋਂਗਜੀਆਂ ਸੂਬੇ ਵਿਚੋਂ 7 ਅਤੇ ਗੁਆਂਡੋਂਗ ਸੂਬੇ ਵਿਚੋਂ 3 ਮਾਮਲੇ ਦਰਜ ਕੀਤੇ ਗਏ ਹਨ। ਹੁਬੇਈ ਸੂਬੇ ਵਿਚ ਕੋਵਿਡ-19 ਕਰਕੇ 2 ਹੋਰ ਲੋਕਾਂ ਦੀ ਮੌਤ ਹੋ ਗਈ ਤੇ ਇੱਥੇ 6 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਹ ਸਾਰੇ ਨਵੇਂ ਮਾਮਲੇ ਵਿਦੇਸ਼ੀਆਂ ਦੇ ਹਨ। ਚੀਨੀ ਮੀਡੀਆ ਦੀ ਰਿਪੋਰਟ ਮੁਤਾਬਕ ਸ਼ਨੀਵਾਰ ਤੱਕ ਉੱਥੇ 1,280 ਮਾਮਲੇ ਅਜਿਹੇ ਸਨ, ਜੋ ਵਿਦੇਸਾਂ ਤੋਂ ਪੀੜਤ ਹੋ ਕੇ ਚੀਨ ਵਾਪਸ ਆਏ ਸਨ। ਉੱਥੇ ਹੀ ਇਨ੍ਹਾਂ ਵਿਚੋਂ 481 ਲੋਕ ਠੀਕ ਹੋ ਕੇ ਘਰ ਪੁੱਜ ਚੁੱਕੇ ਹਨ। ਅਸਲ ਵਿਚ ਵਿਦੇਸ਼ਾਂ ਵਿਚ ਫਸੇ ਚੀਨੀ ਨਾਗਰਿਕਾਂ ਨੂੰ ਸਰਕਾਰ ਦੀ ਮਦਦ ਨਾਲ ਵਾਪਸ ਦੇਸ਼ ਬੁਲਾਇਆ ਜਾ ਰਿਹਾ ਹੈ। ਵਿਦੇਸ਼ਾਂ ਤੋਂ ਆਏ ਨਾਗਰਿਕਾਂ ਨੂੰ 14 ਦਿਨਾਂ ਲਈ ਕੁਆਰੰਟੀਨ ਵੀ ਕੀਤਾ ਜਾ ਰਿਹਾ ਹੈ। 

ਜ਼ਿਕਰਯੋਗ ਹੈ ਕਿ ਜਿਵੇਂ ਹੀ ਚੀਨ ਵਿਚ ਲੋਕਾਂ ਨੂੰ ਲਾਕਡਾਊਨ ਤੋਂ ਰਾਹਤ ਮਿਲੀ ਤਾਂ ਅੰਤਿਮ ਸੰਸਕਾਰ ਕਰਵਾਉਣ ਲਈ ਮੁਰਦਾਘਰਾਂ ਵਿਚ ਲੰਬੀਆਂ ਲਾਈਨਾਂ ਲਈ ਲੱਗ ਗਈਆਂ।

ਚੀਨ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਾਰਨ ਉਸ ਦੇ ਦੇਸ਼ ਵਿਚ ਕੋਰੋਨਾ ਵਾਇਰਸ ਕਾਰਨ ਹੁਣ ਤਕ 3,343 ਮੌਤਾਂ ਹੋਈਆਂ ਹਨ ਤੇ ਪੀੜਤਾਂ ਦੀ ਗਿਣਤੀ 83,134 ਹੈ ਜਦੋਂ ਕਿ ਮਾਹਰਾਂ ਨੂੰ ਇਸ 'ਤੇ ਖਦਸ਼ਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਚੀਨ ਅਸਲੀ ਡਾਟਾ ਲੁਕੋ ਰਿਹਾ ਹੈ। ਚੀਨ ਤੋਂ ਫੈਲੇ ਕੋਰੋਨਾ ਵਾਇਰਸ ਨੇ ਹੁਣ ਪੂਰੇ ਵਿਸ਼ਵ ਵਿਚ ਪੈਰ ਪਸਾਰ ਲਏ ਹਨ ਤੇ 18 ਲੱਖ ਤੋਂ ਵੱਧ ਲੋਕ ਇਸ ਦੀ ਲਪੇਟ ਵਿਚ ਹਨ ਅਤੇ ਇਕ ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
 


Lalita Mam

Content Editor

Related News