ਕੋਰੋਨਾਵਾਇਰਸ ਦੀ ਦਹਿਸ਼ਤ ਕਾਰਨ ਯੂਰਪ ਠੱਪ, ਟਰੰਪ ਨੇ ਲੰਬੀ ਲੜਾਈ ਲਈ ਕੀਤਾ ਸਾਵਧਾਨ

Tuesday, Mar 17, 2020 - 03:48 PM (IST)

ਕੋਰੋਨਾਵਾਇਰਸ ਦੀ ਦਹਿਸ਼ਤ ਕਾਰਨ ਯੂਰਪ ਠੱਪ, ਟਰੰਪ ਨੇ ਲੰਬੀ ਲੜਾਈ ਲਈ ਕੀਤਾ ਸਾਵਧਾਨ

ਵਾਸ਼ਿੰਗਟਨ- ਕੋਰੋਨਾਵਾਇਰਸ ਦੀ ਦਹਿਸ਼ਤ ਕਾਰਨ ਯੂਰਪ ਵਲੋਂ ਆਪਣੀਆਂ ਸਰਹੱਦਾਂ ਸੀਲ ਕਰਨ ਤੋਂ ਬਾਅਦ ਫਰਾਂਸ ਵਿਚ ਵੀ ਪੂਰੀ ਤਰ੍ਹਾਂ ਆਵਾਜਾਈ ਰੋਦ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਆਉਣ ਵਾਲੇ ਸਮੇਂ ਵਿਚ ਲੰਬੀ ਲੜਾਈ ਦੀ ਤਿਆਰੀ ਕਰ ਰਿਹਾ ਹੈ।

PunjabKesari

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਨਾਗਰਿਕਾਂ ਨੂੰ ਹੁਕਮ ਦਿੱਤਾ ਕਿ ਉਹ ਮੰਗਲਵਾਰ ਤੋਂ ਲੈ 15 ਦਿਨਾਂ ਤੱਕ ਘਰਾਂ ਵਿਚ ਹੀ ਰਹਿਣ। ਨਾਲ ਹੀ ਉਹਨਾਂ ਨੇ ਕਿਹਾ ਕਿ ਗੈਰ-ਜ਼ਰੂਰੀ ਯਾਤਰਾਵਾਂ ਤੇ ਸਮਾਜਿਕ ਪ੍ਰੋਗਰਾਮ 'ਤੇ ਪਾਬੰਦੀਆਂ ਦਾ ਉਲੰਘਣ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਹੋਵੇਗੀ। ਮੈਕਰੋਨ ਨੇ ਕਿਹਾ ਕਿ ਯੂਰਪੀ ਸੰਘ ਦੀਆਂ ਬਾਹਰੀ ਸਰਹੱਦਾਂ ਮੰਗਲਵਾਰ ਤੋਂ ਲੈ ਕੇ ਅਗਲੇ 30 ਦਿਨਾਂ ਲਈ ਬੰਦ ਰਹਿਣਗੀਆਂ। ਹੁਣ ਤੱਕ 150 ਦੇ ਕਰੀਬ ਦੇਸ਼ਾਂ ਵਿਚ ਫੈਲ ਚੁੱਕੇ ਕੋਰੋਨਾਵਾਇਰਸ ਨਾਲ ਦੁਨੀਆਂ ਵਿਚ ਮੌਤਾਂ ਦਾ ਅੰਕੜਾ 7 ਹਜ਼ਾਰ ਪਾਰ ਕਰ ਗਿਆ ਹੈ ਜਦਕਿ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ 1.75 ਲੱਖ ਤੋਂ ਵਧੇਰੇ ਹੋ ਗਈ ਹੈ।

PunjabKesari

ਯੂਰਪ ਵਿਚ ਤੇਜ਼ੀ ਨਾਲ ਫੈਲ ਰਹੇ ਕੋਰੋਨਾਵਾਇਰਸ ਦੇ ਕਾਰਨ ਫਰਾਂਸ ਨੇ ਵੀ ਇਟਲੀ ਤੇ ਸਪੇਨ ਵਾਂਗ ਪਾਬੰਦੀ ਲਾਗੂ ਕਰ ਦਿੱਤੀ ਹੈ, ਜੋ ਯੁੱਧ ਤੋਂ ਬਾਅਦ ਸ਼ਾਇਦ ਪਹਿਲੀ ਵਾਰ ਹੈ। ਦਰਜਨਾਂ ਦੇਸ਼ਾਂ ਨੇ ਆਪਣੀਆਂ ਸਰਹੱਦਾਂ ਸੀਲ ਕਰਨ ਦੇ ਨਾਲ ਹੀ ਕਰਫਿਊ ਲਗਾਉਣ ਤੋਂ ਇਲਾਵਾ ਸਾਰੇ ਜਨਤਕ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਸਪੇਨ ਤੇ ਰੂਸ ਨੇ ਸੋਮਵਾਰ ਨੂੰ ਆਪਣੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਜਦਕਿ ਜਰਮਨੀ ਨੇ ਆਵਾਜਾਈ ਨੂੰ ਲੈ ਕੇ ਸਖਤ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਟਰੰਪ ਨੇ ਅਮਰੀਕੀ ਨਾਗਰਿਕਾਂ ਨੂੰ ਕਿਹਾ ਹੈ ਕਿ 10 ਤੋਂ ਵਧੇਰੇ ਲੋਕ ਇਕੱਠੇ ਨਾ ਹੋਣ।

PunjabKesari

ਨਾਲ ਹੀ ਨਿਊਯਾਰਕ ਤੇ ਰਾਜਧਾਨੀ ਵਾਸ਼ਿੰਗਟਨ ਵਿਚ ਸਖਤ ਅਹਤਿਆਤੀ ਕਦਮਾਂ ਦੇ ਨਾਲ ਵੱਡੇ ਪੈਮਾਨੇ 'ਤੇ ਵੱਖਰਾ ਕਰਨ ਦੀ ਪ੍ਰਕਿਰਿਆ ਜਾਰੀ ਹੈ। ਟਰੰਪ ਜਨਤਾ ਨੂੰ ਇਹ ਸਮਝਾਉਣ ਲਈ ਸੰਘਰਸ਼ ਕਰ ਰਹੇ ਹਨ ਉਹ ਸੰਕਟ ਦਾ ਪੂਰਾ ਉਪਾਅ ਕਰ ਰਹੇ ਹਨ। ਉਹਨਾਂ ਨੇ ਜਨਤਾ ਨੂੰ ਕਿਹਾ ਕਿ ਉਹ ਮਹਾਮਾਰੀ ਦੇ ਖਿਲਾਫ ਮਹੀਨਿਆਂ ਲੰਬੇ ਚੱਲਣ ਵਾਲੇ ਸੰਘਰਸ਼ ਲਈ ਤਿਆਰ ਰਹਿਣ। ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਜੇਕਰ ਅਸੀਂ ਬਹੁਤ ਚੰਗਾ ਕੰਮ ਵੀ ਕਰਦੇ ਹਾਂ ਤਾਂ ਜੁਲਾਈ, ਅਗਸਤ ਤੱਕ ਦਾ ਸਮਾਂ ਲੱਗੇਗਾ। ਇਸ ਵਿਚਾਲੇ ਉਹਨਾਂ ਨੇ ਵਾਇਰਸ ਦੇ ਕਾਰਨ ਅਮਰੀਕਾ ਦੇ ਮੰਦੀ ਵੱਲ ਜਾਣ ਦਾ ਵੀ ਖਦਸ਼ਾ ਜ਼ਾਹਿਰ ਕੀਤਾ ਹੈ। ਬ੍ਰਿਟੇਨ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ ਤੇ ਅਮਰੀਕਾ ਵਲੋਂ ਜਾਰੀ ਸੰਯੁਕਤ ਬਿਆਨ ਵਿਚ ਕਿਹਾ ਗਿਆ ਕਿ ਕੋਵਿਡ-19 ਮਹਾਮਾਰੀ ਇਕ ਮਨੁੱਖੀ ਸੰਕਟ ਤੇ ਗਲੋਬਲ ਸਿਹਤ ਸੰਕਟ ਹੈ, ਜੋ ਵਿਸ਼ਵ ਅਰਥਵਿਵਸਥਾ ਦੇ ਲਈ ਵੀ ਪ੍ਰਮੁੱਖ ਜੋਖਿਮ ਹੈ।


author

Baljit Singh

Content Editor

Related News