ਨਵੀਂ ਆਫਤ : ਹੁਣ ਵੀਅਤਨਾਮ ’ਚ ਮਿਲਿਆ UK ਤੇ ਭਾਰਤ ਦਾ ਰਲਵਾਂ ਕੋਰੋਨਾ ਵਾਇਰਸ

Sunday, May 30, 2021 - 10:41 PM (IST)

ਨਵੀਂ ਆਫਤ : ਹੁਣ ਵੀਅਤਨਾਮ ’ਚ ਮਿਲਿਆ UK ਤੇ ਭਾਰਤ ਦਾ ਰਲਵਾਂ ਕੋਰੋਨਾ ਵਾਇਰਸ

ਹਨੋਈ - ਕੋਰੋਨਾ ਵਾਇਰਸ ਤੋਂ ਰਾਹਤ ਮਿਲਣੀ ਸ਼ੁਰੂ ਹੋਈ ਹੀ ਸੀ ਕਿ ਇਕ ਹੋਰ ਨਵੀਂ ਆਫਤ ਨੇ ਦਸਤਕ ਦੇ ਦਿੱਤੀ ਹੈ। ਹੁਣ ਵੀਅਤਨਾਮ ਵਿਚ ਯੂ. ਕੇ. ਤੇ ਭਾਰਤ ਦਾ ਰਲਵਾਂ ਨਵਾਂ ਹਾਈਬ੍ਰਿਡ ਕੋਰੋਨਾ ਵਾਇਰਸ ਮਿਲਿਆ ਹੈ। ਵੀਅਤਨਾਮ ਦੇ ਸਿਹਤ ਮੰਤਰੀ ਗੁਯੇਨ ਥਾਨ ਲਾਂਗ ਨੇ ਦੱਸਿਆ ਕਿ ਇਹ ਵਾਇਰਸ ਯੂ. ਕੇ. ਤੇ ਭਾਰਤ ਵਿਚ ਮਿਲੇ ਵਾਇਰਸ ਨਾਲੋਂ ਜ਼ਿਆਦਾ ਇਨਫੈਕਸ਼ਨ ਭਰਿਆ ਅਤੇ ਖਤਰਨਾਕ ਹੈ, ਜੋ ਹਵਾ ਵਿਚ ਤੇਜ਼ੀ ਨਾਲ ਫੈਲਦਾ ਹੈ। ਉਨ੍ਹਾਂ ਦੱਸਿਆ ਕਿ ਵਿਗਿਆਨੀਆਂ ਨੇ ਹੁਣੇ ਜਿਹੇ ਕੁਝ ਮਰੀਜ਼ਾਂ ਨੂੰ ਪ੍ਰਭਾਵਿਤ ਕਰਨ ਵਾਲੇ ਵਾਇਰਸ ਦਾ ਜੈਨੇਟਿਕ ਅਧਿਐਨ ਕੀਤਾ ਤਾਂ ਉਸ ਵਿਚ ਇਹ ਨਵਾਂ ਵਾਇਰਸ ਮਿਲਿਆ। ਲਾਂਗ ਨੇ ਕਿਹਾ ਕਿ ਸਿਹਤ ਮੰਤਰਾਲਾ ਗਲੋਬਲ ਜੀਨੋਮ ਮੈਪ ’ਤੇ ਨਵੇਂ ਵਾਇਰਸ ਦਾ ਐਲਾਨ ਕਰੇਗਾ।

ਇਹ ਖ਼ਬਰ ਪੜ੍ਹੋ- ਕੋਵਿਡ ਸੰਕਟ : 37 ਫ਼ੀਸਦੀ ਭਾਰਤੀਆਂ ਦੀ ਤਨਖਾਹ ’ਚ ਹੋਈ ਕਟੌਤੀ


ਉਨ੍ਹਾਂ ਦੱਸਿਆ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਇਸ ਨਵੀਂ ਕਿਸਮ ਕਾਰਨ ਹੀ ਵਧ ਰਹੇ ਹਨ। ਜਾਣਕਾਰੀ ਅਨੁਸਾਰ ਵੀਅਤਨਾਮ ਵਿਚ ਇਸ ਤੋਂ ਪਹਿਲਾਂ ਕੋਰੋਨਾ ਦੀਆਂ 7 ਕਿਸਮਾਂ ਮਿਲ ਚੁੱਕੀਆਂ ਹਨ, ਜਿਨ੍ਹਾਂ ਵਿਚ ਭਾਰਤ ਤੇ ਯੂ. ਕੇ. ਵਿਚ ਮਿਲੀ ਕਿਸਮ ਵੀ ਸ਼ਾਮਲ ਹੈ। ਭਾਰਤ ਵਿਚ ਮਿਲੇ ਕੋਰੋਨਾ ਵੇਰੀਐਂਟ ਨੂੰ ਬੀ 1.617.2, ਜਦੋਂਕਿ ਯੂ. ਕੇ. ਵਿਚ ਮਿਲੇ ਵੇਰੀਐਂਟ ਨੂੰ ਬੀ 1.1.7 ਨਾਂ ਦਿੱਤਾ ਗਿਆ ਹੈ।
30 ਥਾਵਾਂ ’ਤੇ ਫੈਲਿਆ
ਵਾਇਰਸ ਜਿਵੇਂ-ਜਿਵੇਂ ਰੈਪਲੀਕੇਟ ਹੁੰਦੇ ਹਨ, ਉਨ੍ਹਾਂ ਵਿਚ ਜੈਨੇਟਿਕ ਤਬਦੀਲੀਆਂ ਵੀ ਹੋਣ ਲੱਗਦੀਆਂ ਹਨ। ਚੀਨ ਵਿਚ ਮਿਲਣ ਤੋਂ ਬਾਅਦ ਕੋਰੋਨਾ ਵਾਇਰਸ ਦੇ ਵੀ ਨਵੇਂ ਵੇਰੀਐਂਟ ਸਾਹਮਣੇ ਆ ਚੁੱਕੇ ਹਨ। ਵਿਸ਼ਵ ਸਿਹਤ ਸੰਗਠਨ ਨੇ ਬ੍ਰਿਟੇਨ, ਭਾਰਤ, ਦੱਖਣੀ ਅਫਰੀਕਾ ਤੇ ਬ੍ਰਾਜ਼ੀਲ ਵਿਚ ਮਿਲੇ ਵੇਰੀਐਂਟ ਨੂੰ ਚਿੰਤਾਜਨਕ ਕਰਾਰ ਦਿੱਤਾ ਹੈ।
ਵੀਅਤਨਾਮ ਦੇ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਦੇਸ਼ ਵਿਚ ਵਧਦੇ ਮਾਮਲਿਆਂ ਪਿੱਛੇ ਨਵਾਂ ਵੇਰੀਐਂਟ ਜ਼ਿੰਮੇਵਾਰ ਹੋ ਸਕਦਾ ਹੈ, ਜੋ 30 ਥਾਵਾਂ ’ਤੇ ਫੈਲ ਚੁੱਕਾ ਹੈ।
ਧਾਰਮਿਕ ਪ੍ਰੋਗਰਾਮਾਂ ’ਤੇ ਰੋਕ

ਇਹ ਖ਼ਬਰ ਪੜ੍ਹੋ- ਐਜਿਸ ਬਾਊਲ ਨਾਲ ਜੁੜੀਆਂ ਹਨ ਭਾਰਤ ਦੀਆਂ ਕੌੜੀਆਂ ਯਾਦਾਂ


ਕੁਝ ਸਮਾਂ ਪਹਿਲਾਂ ਤਕ ਵੀਅਤਨਾਮ ਵਾਇਰਸ ’ਤੇ ਜਿੱਤ ਹਾਸਲ ਕਰਦਾ ਨਜ਼ਰ ਆ ਰਿਹਾ ਸੀ। ਇੱਥੇ ਨਵੇਂ ਮਾਮਲੇ ਅਤੇ ਮੌਤਾਂ ਦੇ ਅੰਕੜੇ ਘੱਟ ਹੁੰਦੇ ਦਿਖਾਈ ਦੇ ਰਹੇ ਸਨ ਪਰ ਕੁਝ ਹੀ ਹਫਤਿਆਂ ਵਿਚ ਹਾਲਾਤ ਮੁੜ ਵਿਗੜਨ ਲੱਗੇ। ਨਵੇਂ ਮਾਮਲੇ ਅਜਿਹੀਆਂ ਥਾਵਾਂ ’ਤੇ ਦੇਖੇ ਗਏ ਹਨ ਜਿੱਥੇ ਸੰਘਣੀ ਆਬਾਦੀ ਹੈ ਅਤੇ ਉਦਯੋਗਿਕ ਖੇਤਰ ਹਨ। ਇੱਥੇ ਕਈ ਵੱਡੀਆਂ ਕੰਪਨੀਆਂ ਦੇ ਦਫਤਰ ਹਨ। ਕੁਝ ਥਾਵਾਂ ’ਤੇ ਧਾਰਮਿਕ ਪ੍ਰੋਗਰਾਮਾਂ ਤੋਂ ਬਾਅਦ ਮਾਮਲੇ ਵਧਦੇ ਦੇਖੇ ਗਏ, ਜਿਸ ਤੋਂ ਬਾਅਦ ਉਨ੍ਹਾਂ ’ਤੇ ਰੋਕ ਲਾ ਦਿੱਤੀ ਗਈ।
ਵੈਕਸੀਨੇਸ਼ਨ ਜਾਰੀ
ਜ਼ਿਆਦਾਤਰ ਵੱਡੇ ਸ਼ਹਿਰਾਂ ਵਿਚ ਵੱਧ ਗਿਣਤੀ ’ਚ ਇਕੱਠੇ ਹੋਣ ’ਤੇ ਪਾਬੰਦੀ ਹੈ, ਪਬਲਿਕ ਪਾਰਕ ਬੰਦ ਹਨ ਅਤੇ ਰੈਸਟੋਰੈਂਟ, ਬਾਰ, ਕਲੱਬ ਤੇ ਸਪਾ ਵੀ ਬੰਦ ਪਏ ਹਨ। ਵੀਅਤਨਾਮ ਵਿਚ 10 ਲੱਖ ਲੋਕਾਂ ਨੂੰ ਐਸਟ੍ਰਾਜੇਨੇਕਾ ਦੀ ਵੈਕਸੀਨ ਲੱਗ ਚੁੱਕੀ ਹੈ। ਪਿਛਲੇ ਹਫਤੇ ਫਾਇਜ਼ਰ ਨਾਲ 3 ਕਰੋੜ ਖੁਰਾਕਾਂ ਦੀ ਡੀਲ ਕੀਤੀ ਗਈ ਹੈ। ਜਲਦੀ ਹੀ ਮੋਡਰਨਾ ਨਾਲ ਵੀ ਡੀਲ ਹੋਣ ਦੀ ਆਸ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News