ਈਰਾਨ ''ਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਕਾਰਨ ਹੁਣ ਤੱਕ ਤਕਰੀਬਨ 4000 ਲੋਕਾਂ ਦੀ ਮੌਤ
Wednesday, Apr 08, 2020 - 07:40 PM (IST)
ਤੇਹਰਾਨ (ਏ.ਐਫ.ਪੀ.)- ਈਰਾਨ ਵਿਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨਾਲ 121 ਹੋਰ ਲੋਕਾਂ ਦੀ ਮੌਤ ਹੋਣ ਦੇ ਨਾਲ ਹੀ ਦੇਸ਼ ਵਿਚ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 3993 ਹੋ ਗਈ। ਸਰਕਾਰੀ ਨਿਊਜ਼ ਏਜੰਸੀ ਇਰਨਾ ਨੇ ਸਿਹਤ ਮੰਤਰਾਲੇ ਦੇ ਬੁਲਾਰੇ ਕਿਆਨੌਸ਼ ਜਹਾਂਪੁਰ ਦੇ ਹਵਾਲੇ ਤੋਂ ਕਿਹਾ ਕਿ ਈਰਾਨ ਵਿਚ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਇਨਫੈਕਸ਼ਨ ਦੇ 1997 ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸੇ ਦੇ ਨਾਲ ਹੀ ਦੇਸ਼ ਵਿਚ ਇਸ ਮਹਾਮਾਰੀ ਦੇ ਮਾਮਲੇ ਵੱਧ ਕੇ 64,586 ਹੋ ਗਏ। ਅਧਿਕਾਰਤ ਅੰਕੜੇ ਮੁਤਾਬਕ ਈਰਾਨ ਪੱਛਮੀ ਏਸ਼ੀਾ ਵਿਚ ਹੁਣ ਤੱਕ ਇਸ ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ ਹੈ। ਉਥੇ 19 ਫਰਵਰੀ ਨੂੰ ਪਹਿਲਾ ਮਾਮਲਾ ਆਇਆ ਸੀ।
ਵੈਸੇ ਹੋਰ ਦੇਸ਼ਾਂ ਵਿਚ ਅਜਿਹੀਆਂ ਕਿਆਸ ਅਰਾਈਆਂ ਹਨ ਕਿ ਈਰਾਨ ਵਿਚ ਇਸ ਇਨਫੈਕਸ਼ਨ ਨਾਲ ਹੋਈਆਂ ਮੌਤਾਂ ਅਤੇ ਉਸ ਦੀ ਲਪੇਟ ਵਿਚ ਆਉਣ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਜਹਾਂਪੁਰ ਨੇ ਦੱਸਿਆ ਕਿ 3956 ਮਰੀਜ਼ ਗੰਭੀਰ ਹਾਲਤ ਵਿਚ ਹਨ ਜਦੋਂ ਕਿ 29,812 ਸਿਹਤਮੰਦ ਹੋ ਚੁੱਕੇ ਹਨ। ਇਰਨਾ ਮੁਤਾਬਕ ਈਰਾਨ ਨੇ ਹੁਣ ਤੱਕ ਕੋਵਿਡ-19 ਦੇ 220,975 ਪ੍ਰੀਖਣ ਕੀਤੇ ਹਨ। ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਈਰਾਨ ਨੇ ਗੈਰ ਜ਼ਰੂਰੀ ਕਾਰੋਬਾਰਾਂ ਨੂੰ ਬੰਦ ਕਰ ਦਿੱਤਾ ਹੈ ਅਤੇ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਵਿਚ ਜਾਣ 'ਤੇ ਰੋਕ ਲਗਾ ਦਿੱਤੀ ਹੈ ਪਰ ਉਸ ਨੇ ਲੌਕਡਾਊਨ ਨਹੀਂ ਲਗਾਇਆ ਹੈ। ਈਰਾਨ ਦੇ ਰਾਸ਼ਟਰਪਤੀ ਹਸਨ ਰੋਹਾਨੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਖਿਲਾਫ ਲੜਾਈ ਦਾ ਦੂਜਾ ਦੌਰ ਸ਼ਨੀਵਾਰ ਤੋਂ ਸ਼ੁਰੂ ਹੋਵੇਗਾ ਅਤੇ ਇਹ ਜ਼ਿਆਦਾ ਮੁਸ਼ਕਲ ਹੋਵੇਗਾ।