ਕੋਰੋਨਾ ਵਾਇਰਸ : ਰੂਸ ਨੇ ਇਕ ਮਹੀਨੇ ਬਾਅਦ ਮੰਨਿਆ ਇਥੇ ਹਾਲਾਤ ਬੇਕਾਬੂ

Tuesday, Apr 14, 2020 - 08:41 PM (IST)

ਮਾਸਕੋ (ਏਜੰਸੀ)- ਅਮਰੀਕਾ ਅਤੇ ਯੂਰਪੀ ਦੇਸ਼ਾਂ ਤੋਂ ਬਾਅਦ ਹੁਣ ਰੂਸ 'ਚ ਵੀ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲਣਾ ਸ਼ੁਰੂ ਹੋ ਗਿਆ ਹੈ। ਦੇਸ਼ 'ਚ ਹੁਣ ਤੱਕ ਕੋਰੋਨਾ ਦੇ 15770 ਕੇਸ ਆ ਚੁੱਕੇ ਹਨ। 130 ਲੋਕਾਂ ਦੀ ਜਾਨ ਗਈ ਹੈ। ਐਤਵਾਰ ਨੂੰ 2186 ਨਵੇਂ ਕੇਸ ਆਏ। ਇਹ ਦਿਨ ਵਿਚ ਸਭ ਤੋਂ ਜ਼ਿਆਦਾ ਹਨ। ਰਾਜਧਾਨੀ ਮਾਸਕੋ ਵਿਚ ਹਾਲਾਤ ਹੁਣ ਬਹੁਤ ਹੀ ਪ੍ਰੇਸ਼ਾਨ ਕਰਨ ਵਾਲੇ ਬਣਦੇ ਜਾ ਰਹੇ ਹਨ। ਮਾਸਕੋ ਵਿਚ ਕੁਲ ਇਨਫੈਕਟਿਡਾਂ ਦਾ ਅੰਕੜਾ 8 ਹਜ਼ਾਰ ਤੋਂ ਪਾਰ ਪਹੁੰਚ ਚੁੱਕਾ ਹੈ। ਸਿਰਫ ਰਾਜਧਾਨੀ ਵਿਚ ਦੇਸ਼ ਦੇ ਦੋ ਤਿਹਾਈ ਮਾਮਲੇ ਆਏ ਹਨ।

ਤਕਰੀਬਨ ਇਕ ਮਹੀਨੇ ਤੱਕ ਕੋਰੋਨਾ ਵਾਇਰਸ ਨੂੰ ਬਹੁਤ ਜ਼ਿਆਦਾ ਗੰਭੀਰਤਾ ਨਾਲ ਨਹੀਂ ਲੈਣ ਵਾਲੇ ਰੂਸੀ ਨੇਤਾ ਹੁਣ ਸੱਚ ਨੂੰ ਕਬੂਲ ਕਰਨ ਲੱਗੇ ਹਨ। ਦੇਸ਼ ਦੀ ਰਾਜਧਾਨੀ ਮਾਸਕੋ ਦੇ ਮੇਅਰ ਸਾਰਜੇਈ ਸੋਬਿਆਨਿਨ ਮੁਤਾਬਕ ਵਾਇਰਸ ਹੁਣ ਇਥੇ ਵੀ ਰਫਤਾਰ ਫੜ ਰਿਹਾ ਹੈ। ਮਾਸਕੋ ਦੀ ਡਿਪਟੀ ਮੇਅਰ ਐਨਾਸਟਾਸੀਆ ਰਕੋਵਾ ਦੱਸਦੀ ਹੈ ਕਿ ਰਾਜਧਾਨੀ ਵਿਚ ਇਨਫੈਕਟਿਡਾਂ ਦੀ ਗਿਣਤੀ ਦੁੱਗਣੀ ਤੇਜ਼ੀ ਨਾਲ ਵੱਧ ਰਹੀ ਹੈ। ਇਨ੍ਹਾਂ ਵਿਚ ਲਗਭਗ ਅੱਧੇ ਲੋਕ 45 ਸਾਲ ਤੋਂ ਘੱਟ ਉਮਰ ਦੇ ਹਨ। ਉਥੇ ਹੀ ਅਕਸਰ ਸੰਕਟ ਦੇ ਸਮੇਂ ਵਿਚ ਅੱਗੇ ਵੱਧ ਕੇ ਕੰਮ ਕਰਨ ਵਾਲੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਰਾਜਧਾਨੀ ਮਾਸਕੋ ਤੋਂ ਬਾਹਰ ਆਪਣੇ ਦੂਜੇ ਘਰ ਚਲੇ ਗਏ ਹਨ। ਉਨ੍ਹਾਂ ਨੇ ਕੋਰੋਨਾ ਨਾਲ ਨਜਿੱਠਣ ਦੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਮਿਸ਼ੁਟਸਿਨ ਅਤੇ ਮਾਸਕੋ ਦੇ ਮੇਅਰ ਸਾਰਜੇਈ ਸੋਬਯਾਨਿਨ ਨੂੰ ਦਿੱਤੀ ਹੈ।

ਮਾਸਕੋ ਦੀ ਡਿਪਟੀ ਮੇਅਰ ਰਕੋਵਾ ਮੁਤਾਬਕ ਰਾਜਧਾਨੀ ਹਸਪਤਾਲ ਪੂਰੀ ਤਰ੍ਹਾਂ ਨਾਲ ਮਰੀਜ਼ਾਂ ਨਾਲ ਭਰੇ ਹੋਏ ਹਨ। ਮਾਸਕੋ ਤੋਂ ਉੱਤਰ-ਪੂਰਬ ਵਿਚ ਕੌਮੀ ਤੇਲ ਉਤਪਾਦਕ ਖੇਤਰ ਦੀ ਰਾਜਧਾਨੀ ਸਿਕਤਕਵਕਰ ਦੇ ਮੁੱਖ ਹਸਪਤਾਲ ਵਿਚ 200 ਇਨਫੈਕਟਿਡ ਮਰੀਜ਼ ਹਨ। ਜਦੋਂ ਕਿ ਮਾਸਕੋ ਦੇ 700 ਮੀਲ ਪੂਰਬ ਵਿਚ ਉਫਾ ਦੇ ਹਸਪਤਾਲ ਵਿਚ ਇਕ ਹਜ਼ਾਰ ਤੋਂ ਜ਼ਿਆਦਾ ਇਨਫੈਕਟਿਡਾਂ ਦਾ ਇਲਾਜ ਚੱਲ ਰਿਹਾ ਹੈ। ਹੈਲਥ ਮਿਨਿਸਟਰ ਮਿਖਾਈਲ ਮੁਰਾਸ਼ਕੋ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸਪਲਾਈ ਵਿਚ ਕਮੀ ਹੋਣ ਕਾਰਨ ਦੇਸ਼ ਦੀਆਂ ਸਿਹਤ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਜਦੋਂ ਕਿ ਰਾਸ਼ਟਰਪਤੀ ਪੁਤਿਨ ਨੇ ਦੂਜੇ ਦੇਸ਼ਾਂ ਦੀ ਮਦਦ ਲਈ ਵੱਡੀ ਗਿਣਤੀ ਵਿਚ ਮੈਡੀਕਲ ਸਪਲਾਈ ਭੇਜੀ ਹੈ।

ਮਾਸਕੋ ਵਿਚ ਇਨਫੈਕਟਿਡਾਂ ਦਾ ਅੰਕੜਾ ਤੇਜ਼ੀ ਨਾਲ ਵੱਧਣ ਕਾਰਨ ਅਧਿਕਾਰੀਆਂ ਨੇ ਪਾਬੰਦੀਆਂ ਲਗਾ ਦਿੱਤੀਆਂ ਹਨ। ਬੀਤੇ ਹਫਤੇ ਸ਼ਹਿਰਵਾਸੀਆਂ ਨੂੰ ਘਰਾਂ ਵਿਚ ਰਹਿਣ ਦੇ ਹੁਕਮ ਦਿੱਤੇ ਗਏ ਹਨ। ਹੁਣ ਲੋਕ ਸਿਰਫ ਖਾਣਾ, ਦਵਾਈ ਅਤੇ ਕੁੱਤਿਆਂ ਨੂੰ ਘੁਮਾਉਣ ਲਈ ਆਪਣੇ ਘਰਾਂ ਤੋਂ ਬਾਹਰ ਨਿਕਲ ਸਕਣਗੇ। ਪੁਲਸ ਵੀ ਸ਼ਹਿਰ ਵਿਚ ਘੁੰਮ ਕੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕਰ ਰਹੀ ਹੈ। ਡਾਕਟਰ ਯੂਨੀਅਨ ਦੀ ਪ੍ਰਮੁੱਖ ਐਨਾਸਟਾਸੀਆ ਵਸੀਲੀਏਵਾ ਨੇ ਸਰਕਾਰ 'ਤੇ ਕੋਰੋਨਾ ਦੇ ਮਾਮਲਿਆਂ ਨੂੰ ਨਿਮੋਨੀਆ ਦੱਸ ਦੇ ਅੰਕੜੇ ਘੱਟ ਕਰਨ ਦਾ ਦੋਸ਼ ਲਗਾਇਆ ਸੀ।

ਇਸ ਤੋਂ ਬਾਅਦ ਐਨਾਸਟਾਸੀਆ ਨੂੰ ਬੀਤੇ ਹਫਤੇ ਗ੍ਰਿਫਤਾਰ ਕੀਤਾ ਗਿਆ। ਮਾਸਕੋ ਹਸਪਤਾਲ ਦੇ ਡਾਇਰੈਕਟਰਸ ਦਾ ਇਕ ਲੈਟਰ ਆਨਲਾਈਨ ਲੀਕ ਹੋ ਗਿਆ ਸੀ, ਜਿਸ ਨਾਲ ਇਹ ਸਾਫ ਹੋ ਰਿਹਾ ਸੀ ਕਿ ਰੂਸ ਵਿਚ ਦੱਸੇ ਜਾ ਰਹੇ ਇਨਫੈਕਟਿਡਾਂ ਦੇ ਅੰਕੜੇ ਗਲਤ ਹਨ। ਇਹ ਲੈਟਰ ਮਾਸਕੋ ਹੈਲਥ ਡਿਪਾਰਟਮੈਂਟ ਦੇ ਮੁਖੀ ਅਲੈਕਸੀ ਖ੍ਰਿਪੁਨ ਨੇ ਦਸਤਖਤ ਕੀਤੇ ਸਨ। ਹਾਲਾਂਕਿ ਹੈਲਥ ਮਿਨਿਸਟਰ ਨੇ ਇਕ ਇੰਟਰਵਿਊ ਦੌਰਾਨ ਇਹ ਸਾਫ ਕੀਤਾ ਕਿ ਦੇਸ਼ ਵਿਚ ਨਿਮੋਨੀਆ ਦੇ ਮਰੀਜ਼ਾਂ ਦਾ ਇਲਾਜ ਵੀ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਤਰ੍ਹਾਂ ਹੀ ਕੀਤਾ ਜਾਵੇਗਾ।


Sunny Mehra

Content Editor

Related News