ਸਪੈਨਿਸ਼ ਫਲੂ ਨੂੰ ਹਰਾ ਚੁੱਕੀ 103 ਸਾਲਾ ਬੇਬੇ ਨੂੰ ਮਿਲੀ ਕੋਰੋਨਾ ਟੀਕੇ ਦੀ ਪਹਿਲੀ ਖ਼ੁਰਾਕ
Thursday, Feb 04, 2021 - 09:08 AM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਵਿਚ ਕੋਰੋਨਾ ਖ਼ਿਲਾਫ਼ ਟੀਕਾਕਰਨ ਦੀ ਜੰਗ ਜਾਰੀ ਹੈ। ਇਸ ਪ੍ਰਕਿਰਿਆ ਵਿਚ ਬਜ਼ੁਰਗਾਂ ਨੂੰ ਪਹਿਲ ਦੇ ਆਧਾਰ 'ਤੇ ਟੀਕਾ ਲਗਾਇਆ ਜਾ ਰਿਹਾ ਹੈ। ਇਸੇ ਟੀਕਾਕਰਨ ਮੁਹਿੰਮ ਦੇ ਚੱਲਦਿਆਂ ਓਰੇਗਨ ਦੀ ਇਕ 103 ਸਾਲਾ ਬੇਬੇ ਨੂੰ ਕੋਰੋਨਾ ਟੀਕੇ ਦੀ ਖ਼ੁਰਾਕ ਮਿਲੀ ਹੈ।
ਇਸ ਉਮਰ ਵਿਚ ਕੋਰੋਨਾ ਦੇ ਰੂਪ ਵਿਚ ਦੂਜੀ ਵੱਡੀ ਮਹਾਮਾਰੀ ਵੇਖ ਰਹੀ ਬਰਨੀਸ ਹੋਮਨ ਨੇ 1918 ਵਿਚ ਫੈਲੀ ਸਪੈਨਿਸ਼ ਫਲੂ ਮਹਾਮਾਰੀ ਨੂੰ ਵੀ ਹਰਾਇਆ ਹੈ। ਹੋਮਨ ਦਾ ਜਨਮ, ਸਪੈਨਿਸ਼ ਫਲੂ ਫੈਲਣ ਤੋਂ ਇਕ ਸਾਲ ਪਹਿਲਾਂ 1917 ਵਿਚ ਦੱਖਣੀ ਡਕੋਟਾ ਵਿਚ ਹੋਇਆ ਸੀ।ਉਸ ਸਮੇਂ ਵਿਸ਼ਵ ਵਿਚ ਹਰ ਚਾਰ ਲੋਕਾਂ ਵਿਚੋਂ ਇਕ ਨੂੰ ਸਪੈਨਿਸ਼ ਫਲੂ ਦੀ ਲਾਗ ਨੇ ਆਪਣਾ ਸ਼ਿਕਾਰ ਬਣਾਇਆ ਸੀ। ਹੋਮਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਨੂੰ ਉਸ ਸਮੇਂ ਫਲੂ ਸੀ ਪਰ ਉਹ ਸਹੀ ਸਲਾਮਤ ਜ਼ਿੰਦਗੀ ਵਿਚ ਅੱਗੇ ਵਧੀ।
ਟੀਕੇ ਦੀ ਪਹਿਲੀ ਤੋਂ ਬਾਅਦ ਦੂਜੀ ਖ਼ੁਰਾਕ ਮਿਲਣ ਤੱਕ ਬਰਨੀਸ 104 ਸਾਲ ਦੀ ਹੋ ਜਾਵੇਗੀ। 103 ਸਾਲ ਦੀ ਉਮਰ ਵਿਚ ਬਰਨੀਸ ਨੇ ਕਿਹਾ ਕਿ ਉਸ ਦੇ ਮਨ ਅਤੇ ਸਰੀਰ ਦੇ ਸਿਹਤਮੰਦ ਰਹਿਣ ਲਈ ਕਸਰਤ ਸਭ ਤੋਂ ਮਹੱਤਵਪੂਰਣ ਹੈ। ਇਸ ਦੇ ਇਲਾਵਾ ਬਰਨੀਸ ਨੇ ਕੋਰੋਨਾ ਵਾਇਰਸ ਤੋਂ ਬਚਾਅ ਕਰਨ ਲਈ ਇਸ ਦੇ ਟੀਕੇ ਨੂੰ ਵੀ ਮਹੱਤਵਪੂਰਨ ਦੱਸਿਆ ਹੈ।