ਇਟਲੀ ''ਚ ਜਾਰੀ ਕੋਰੋਨਾ ਦਾ ਕਹਿਰ, ਪਤੀ-ਪਤਨੀ ਸਣੇ ਤਿੰਨ ਪੰਜਾਬੀਆਂ ਦੀ ਮੌਤ

01/23/2021 8:01:08 AM

ਰੋਮ, (ਦਲਵੀਰ ਕੈਂਥ )- ਕੋਵਿਡ-19 ਨੇ ਸੰਨ 2020 ਵਿਚ ਲੱਖਾਂ ਲੋਕਾਂ ਨੂੰ ਸਦਾ ਦੀ ਨੀਂਦ ਸੁਲਾ ਦਿੱਤਾ ਸੀ ਤੇ ਲੱਖਾਂ ਲੋਕ ਕੋਰੋਨਾ ਨੂੰ ਹਰਾਉਣ ਵਿਚ ਕਾਮਯਾਬ ਵੀ ਰਹੇ । ਕੋਰੋਨਾ ਟੀਕਾਕਰਨ ਮੁਹਿੰਮ ਰਾਹੀਂ ਵੱਧ ਰਹੇ ਮਾਮਲਿਆਂ ਨੂੰ ਰੋਕਣ ਤੇ ਲੋਕਾਂ ਨੂੰ ਸੁਰੱਖਿਆ ਦੇਣ ਦੇ ਉਪਰਾਲੇ ਹੋ ਰਹੇ ਹਨ। 27 ਦਸੰਬਰ 2020 ਤੋਂ ਇਟਲੀ ਵਿਚ ਹੁਣ ਤੱਕ ਕਰੀਬ 16-17 ਲੱਖ ਤੋਂ ਉਪੱਰ ਲੋਕਾਂ ਨੂੰ ਵੈਕਸੀਨ ਦਿੱਤੀ ਜਾ ਚੁੱਕੀ ਹੈ ਪਰ ਇਸ ਦੇ ਬਾਵਜੂਦ ਕੋਰੋਨਾ ਮਹਾਮਾਰੀ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। 

PunjabKesari

ਇਟਲੀ ਵਿਚ ਵੀ ਆਏ ਦਿਨ ਕੋਰੋਨਾ ਮਾਮਲੇ ਅਤੇ ਮੌਤਾਂ ਦੀ ਗਿਣਤੀ ਵਿਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇੱਥੇ ਰਹਿ ਰਹੇ ਕਈ ਭਾਰਤੀ ਵੀ ਕੋਰੋਨਾ ਦੀ ਲਪੇਟ ਵਿਚ ਹਨ। ਬੀਤੇ ਦਿਨੀਂ ਇਟਲੀ ਦੇ ਸ਼ਹਿਰ ਪੋਰਦੇਨੋਨੇ ਦੇ ਕਸਬਾ ਫਿਉਮੈ ਵੇਨੇਤੋ ਦੇ ਵਸਨੀਕ 65 ਸਾਲਾ ਕੁਲਦੀਪ ਸਿੰਘ ਅਤੇ ਉਨ੍ਹਾਂ ਦੀ ਪਤਨੀ 62 ਸਾਲਾ ਗੁਰਮੀਤ ਕੌਰ ਦੀ ਇਕੋ ਦਿਨ ਕੁਝ ਘੰਟਿਆਂ ਦੇ ਫ਼ਰਕ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਕੋਰੋਨਾ ਪੀੜਤ ਬਜ਼ੁਰਗ ਜੋੜਾ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੇ ਪਿੰਡ ਕੰਗਰੌੜ ਦੇ ਰਹਿਣ ਵਾਲਾ ਸੀ। 

ਤੀਸਰੀ ਮੌਤ 81 ਸਾਲਾ ਬੀਬੀ ਗੁਰਮੇਜ ਕੌਰ ਪਤਨੀ ਰੇਸ਼ਮ ਸਿੰਘ ਦੀ ਹੋਈ। ਉਹ ਪਿਛਲੇ ਲੰਮੇ ਸਮੇਂ ਤੋਂ ਇਟਲੀ ਵਿਚ ਆਪਣੇ ਪੁੱਤਰ ਅਤੇ ਉਸ ਦੇ ਪਰਿਵਾਰ ਨਾਲ ਇਟਲੀ ਦੇ ਜ਼ਿਲ੍ਹਾ ਵੈਨਿਸ (ਵੈਨੇਸੀਆ) ਦੇ ਕਸਬਾ ਪਰਾਨਜੌਰਾ ਵਿਖੇ ਰਹਿ ਰਹੇ ਸਨ। ਮ੍ਰਿਤਕ ਗੁਰਮੇਜ ਕੌਰ ਪੰਜਾਬ ਦੇ ਜ਼ਿਲ੍ਹਾ ਜਲੰਧਰ ਅਤੇ ਤਹਿਸੀਲ ਫਿਲੌਰ ਦੇ ਪਿੰਡ ਰਾਮਪੁਰ ਦੇ ਵਸਨੀਕ ਸੀ। ਕੋਵਿਡ-19 ਦੀ ਸ਼ਿਕਾਰ ਮ੍ਰਿਤਕ ਗੁਰਮੇਜ ਕੌਰ ਦਾ ਸਾਰਾ ਪਰਿਵਾਰ ਇਟਲੀ ਕੋਰੋਨਾ ਦਾ ਸ਼ਿਕਾਰ ਹੋ ਗਿਆ ਸੀ ਪਰ ਬਾਕੀ ਮੈਂਬਰ ਕੋਵਿਡ-19 ਨੂੰ ਹਰਾਉਣ ਵਿਚ ਕਾਮਯਾਬ ਰਹੇ । 

ਇਹ ਵੀ ਪੜ੍ਹੋ-  GoAir ਦੀ ਸ਼ਾਨਦਾਰ ਪੇਸ਼ਕਸ਼, 859 ਰੁਪਏ ਤੋਂ ਸ਼ੁਰੂ ਕੀਤੀ ਟਿਕਟਾਂ ਦੀ ਵਿਕਰੀ
ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਣ ਕਰਕੇ ਹੋਈਆਂ ਇਨ੍ਹਾਂ ਤਿੰਨਾਂ ਬਜ਼ੁਰਗਾਂ ਦੀਆਂ ਮੌਤਾਂ ਤੋਂ ਬਾਅਦ ਭਾਰਤੀ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ । ਇਟਲੀ ਵਿਚ ਵਸਦੇ ਸਮੂਹ ਭਾਰਤੀ ਭਾਈਚਾਰੇ ‘ਚ ਸਹਿਮ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਟਲੀ ਵਿਚ ਹੁਣ ਤੱਕ 2,428,221 ਲੋਕ ਕੋਵਿਡ-19 ਦੇ ਸ਼ਿਕਾਰ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ 1,827,451 ਲੋਕ ਕੋਵਿਡ-19 ਨੂੰ ਹਰਾ ਕੇ ਜ਼ਿੰਦਗੀ ਦੀ ਜੰਗ ਜਿੱਤ ਚੁੱਕੇ ਹਨ ਜਦੋਂ ਕਿ 84,202 ਲੋਕਾਂ ਨੂੰ ਕੋਵਿਡ-19 ਮੌਤ ਦੀ ਸਜ਼ਾ ਦੇ ਚੁੱਕਾ ਹੈ।

►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ


Lalita Mam

Content Editor

Related News