ਵਿਸਕਾਨਸਿਨ ਦੇ ਹਸਪਤਾਲ "ਚ ਕੋਰੋਨਾ ਟੀਕਿਆਂ ਨੂੰ ਖਰਾਬ ਕਰਨ ਵਾਲਾ ਕਰਮਚਾਰੀ ਗ੍ਰਿਫਤਾਰ

Friday, Jan 01, 2021 - 10:40 PM (IST)

ਵਿਸਕਾਨਸਿਨ ਦੇ ਹਸਪਤਾਲ "ਚ ਕੋਰੋਨਾ ਟੀਕਿਆਂ ਨੂੰ ਖਰਾਬ ਕਰਨ ਵਾਲਾ ਕਰਮਚਾਰੀ ਗ੍ਰਿਫਤਾਰ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਪਿਛਲੇ ਦਿਨੀਂ ਵਿਸਕਾਨਸਿਨ ਦੇ ਇਕ ਹਸਪਤਾਲ ਵਿਚ ਫਰਿੱਜ "ਚ ਸਟੋਰ ਕੀਤੇ ਕੋਰੋਨਾ ਵਾਇਰਸ ਦੇ ਟੀਕਿਆਂ ਨੂੰ ਬਾਹਰ ਕੱਢ ਕੇ ਰੱਖਣ ਨਾਲ ਖਰਾਬ ਕਰਨ ਵਾਲੇ ਵਰਕਰ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਇਸ ਗ੍ਰਿਫਤਾਰੀ ਦੀ ਘੋਸ਼ਣਾ ਸਥਾਨਕ ਪੁਲਸ ਵਲੋਂ ਵੀਰਵਾਰ ਨੂੰ ਕੀਤੀ ਗਈ ਹੈ ,ਜਿਸ ਵਿਚ ਇਸ ਕਰਮਚਾਰੀ 'ਤੇ ਫਾਰਮੇਸੀ ਦੀ ਫਰਿੱਜ ਵਿਚੋਂ ਕੋਵਿਡ-19 ਟੀਕੇ ਦੀਆਂ 57 ਸ਼ੀਸ਼ੀਆਂ ਨੂੰ ਜਾਣ-ਬੁੱਝ ਕੇ ਕੱਢਣ ਦਾ ਦੋਸ਼ ਲਗਾਇਆ ਗਿਆ ਹੈ ਜਦਕਿ  ਓਰੋਰਾ ਮੈਡੀਕਲ ਸੈਂਟਰ ਨੇ ਇਸ ਵਰਕਰ ਨੂੰ ਪਹਿਲਾਂ ਹੀ ਬਰਖਾਸਤ ਕਰ ਦਿੱਤਾ ਸੀ।

ਗ੍ਰਾਫਟਨ ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਅਕਤੀ ਨੂੰ ਤਿੰਨ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਸਾਰੇ ਜੁਰਮ ਹਨ। ਪੁਲਸ ਨੇ ਫਿਲਹਾਲ ਵਿਅਕਤੀ ਦਾ ਨਾਮ ਅਜੇ ਨਹੀਂ ਦੱਸਿਆ ਹੈ ਅਤੇ ਇਸ ਵਿਅਕਤੀ ਨੂੰ ਓਜ਼ੌਕੀ ਕਾਉਂਟੀ ਜੇਲ੍ਹ ਵਿਚ ਰੱਖਿਆ ਜਾ ਰਿਹਾ ਹੈ। 

ਇਸ ਕਰਮਚਾਰੀ ਦੀ ਵਜ੍ਹਾ ਨਾਲ ਖਰਾਬ ਹੋਏ ਮੋਡੇਰਨਾ ਕੰਪਨੀ ਦੇ ਟੀਕਿਆਂ ਦੀ ਕੀਮਤ ਦਾ ਵਿਭਾਗ ਨੇ 8,000 ਤੋਂ 11,000 ਡਾਲਰ ਦੇ ਵਿਚਕਾਰ ਹੋਣ ਦਾ ਅਨੁਮਾਨ ਲਗਾਇਆ ਹੈ। ਇਸ ਮਾਮਲੇ ਵਿੱਚ ਗ੍ਰਾਫਟਨ ਵਿਚ ਪੁਲਸ ਨੇ ਪਹਿਲਾਂ ਕਿਹਾ ਸੀ ਕਿ ਪੁਲਸ ਵਿਭਾਗ ਦੇ ਨਾਲ ਐੱਫ. ਬੀ. ਆਈ. ਅਤੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ. ਡੀ. ਏ.) ਵੀ ਮਾਮਲੇ ਦੀ ਸਰਗਰਮੀ ਨਾਲ ਜਾਂਚ ਨਾਲ ਕਰ ਰਹੇ ਸਨ, ਜਦਕਿ ਹਸਪਤਾਲ ਦੇ ਇਸ ਕਰਮਚਾਰੀ ਦਾ ਵਾਇਰਸ ਦੇ ਟੀਕਿਆਂ ਨੂੰ ਖਰਾਬ ਕਰਨ ਦਾ ਮਕਸਦ ਅਜੇ ਸਾਹਮਣੇ ਨਹੀ ਆਇਆ ਹੈ।


author

Sanjeev

Content Editor

Related News