ਅਮਰੀਕਾ ''ਚ ਭਾਰਤੀ ਵਿਦਿਆਰਥਣ ਦੀ ਮੌਤ ਦਾ ਮਜ਼ਾਕ ਉਡਾਉਣ ਵਾਲੇ ਪੁਲਸ ਮੁਲਾਜ਼ਮ ਖ਼ਿਲਾਫ਼ ਸਖ਼ਤ ਐਕਸ਼ਨ
Friday, Sep 29, 2023 - 04:55 PM (IST)

ਸਿਆਟਲ (ਭਾਸ਼ਾ)- ਅਮਰੀਕਾ ਦੇ ਸਿਆਟਲ ਪੁਲਸ ਦੇ ਉਸ ਅਧਿਕਾਰੀ ਨੂੰ ਗਸ਼ਤ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ, ਜਿਸ ਨੇ ਇਸ ਸਾਲ ਦੇ ਸ਼ੁਰੂ ਵਿਚ ਇਕ ਭਾਰਤੀ ਵਿਦਿਆਰਥੀ ਦੀ ਮੌਤ ਦਾ ਮਜ਼ਾਕ ਉਡਾਇਆ ਸੀ। ਦੱਖਣੀ ਏਸ਼ੀਆਈ ਭਾਈਚਾਰੇ ਵੱਲੋਂ ਇਸ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੇ ਜਾਣ ਮਗਰੋਂ ਇਹ ਕਦਮ ਚੁੱਕਿਆ ਗਿਆ ਹੈ। ‘ਸਿਆਟਲ ਟਾਈਮਜ਼’ ਵਿੱਚ ਛਪੀ ਰਿਪੋਰਟ ਅਨੁਸਾਰ ਜਨਵਰੀ ਵਿੱਚ ਸਿਆਟਲ ਵਿੱਚ ਇੱਕ ਤੇਜ਼ ਰਫ਼ਤਾਰ ਪੁਲਸ ਗਸ਼ਤੀ ਵਾਹਨ ਦੀ ਟੱਕਰ ਨਾਲ 23 ਸਾਲਾ ਭਾਰਤੀ ਵਿਦਿਆਰਥੀ ਜਾਹਨਵੀ ਕੰਦੂਲਾ ਦੀ ਮੌਤ ਹੋ ਗਈ ਸੀ।
ਖ਼ਬਰ ਮੁਤਾਬਕ ਇਕ ਪੁਲਸ ਅਧਿਕਾਰੀ ਦੇ 'ਬਾਡੀਕੈਮ' (ਸਰੀਰ 'ਤੇ ਲੱਗੇ ਕੈਮਰੇ) ਦੀ ਫੁਟੇਜ ਸਾਹਮਣੇ ਆਈ ਸੀ, ਜਿਸ 'ਚ ਉਹ ਵਿਦਿਆਰਥਣ ਦੀ ਮੌਤ 'ਤੇ ਹੱਸਦੇ ਹੋਏ ਮਜ਼ਾਕ ਉਡਾਉਂਦਾ ਨਜ਼ਰ ਆ ਰਿਹਾ ਹੈ। ਇਸ ਦੇ ਅਨੁਸਾਰ, ਵਿਭਾਗ ਨੇ ਵੀਰਵਾਰ ਨੂੰ ਈਮੇਲ ਰਾਹੀਂ ਪੁਸ਼ਟੀ ਕੀਤੀ ਕਿ ਅਧਿਕਾਰੀ ਡੈਨੀਅਲ ਔਡਰਰ ਨੂੰ "ਪ੍ਰਸ਼ਾਸਨਿਕ ਤੌਰ 'ਤੇ ਇੱਕ ਗੈਰ-ਕਾਰਜਸ਼ੀਲ ਅਹੁਦੇ 'ਤੇ ਦੁਬਾਰਾ ਨਿਯੁਕਤ ਕੀਤਾ ਗਿਆ ਹੈ।" ਖ਼ਬਰ ਵਿਚ ਦੱਸਿਆ ਗਿਆ ਹੈ ਕਿ ਜਾਨਵੀ ਕੰਦੂਲਾ ਦੀ ਜਨਵਰੀ ਵਿੱਚ ਇੱਕ ਹੋਰ ਪੁਲਸ ਅਧਿਕਾਰੀ ਕੇਵਿਨ ਡੇਵ ਵੱਲੋਂ ਚਲਾਏ ਗਏ ਇੱਕ ਵਾਹਨ ਦੀ ਟੱਕਰ ਨਾਲ ਮੌਤ ਹੋ ਗਈ ਸੀ। ਉਹ 119 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ ਅਤੇ ਟੱਕਰ ਤੋਂ ਬਾਅਦ ਕੰਦੂਲਾ 100 ਫੁੱਟ ਤੋਂ ਜ਼ਿਆਦਾ ਦੂਰ ਜਾ ਕੇ ਡਿੱਗੀ ਸੀ।
ਇਸ ਤੋਂ ਪਹਿਲਾਂ ਪਿਛਲੇ ਹਫਤੇ ਹਿੰਦੂ ਭਾਈਚਾਰੇ ਦੇ ਕਰੀਬ 25 ਮੈਂਬਰਾਂ ਨੇ ਡੇਨੀ ਪਾਰਕ ਵਿਖੇ ਕੰਦੂਲਾ ਲਈ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਸੀ। ਇਸ ਮਹੀਨੇ ਦੇ ਸ਼ੁਰੂ ਵਿੱਚ, ਸਾਨ ਫਰਾਂਸਿਸਕੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਕੰਦੂਲਾ ਦੀ ਮੌਤ ਨਾਲ ਨਜਿੱਠਣ ਦੇ ਤਰੀਕੇ ਨੂੰ ਬੇਹੱਦ ਪਰੇਸ਼ਾਨ ਕਰਨ ਵਾਲਾ ਦੱਸਦੇ ਹੋਏ ਆਪਣੀ ਚਿੰਤਾ ਪ੍ਰਗਟ ਕੀਤੀ ਸੀ। ਮਿਸ਼ਨ ਨੇ 'ਐਕਸ' 'ਤੇ ਪੋਸਟ ਕੀਤੀ ਸੀ, "ਅਸੀਂ ਇਸ ਮਾਮਲੇ ਵਿਚ ਸ਼ਾਮਲ ਲੋਕਾਂ ਖ਼ਿਲਾਫ਼ ਡੂੰਘੀ ਜਾਂਚ ਅਤੇ ਕਾਰਨਾਈ ਲਈ ਸਿਆਟਲ ਅਤੇ ਵਾਸ਼ਿੰਗਟਨ ਰਾਜ ਦੇ ਸਥਾਨਕ ਅਧਿਕਾਰੀਆਂ ਦੇ ਨਾਲ-ਨਾਲ ਵਾਸ਼ਿੰਗਟਨ ਡੀਸੀ ਦੇ ਸੀਨੀਅਰ ਅਧਿਕਾਰੀਆਂ ਕੋਲ ਇਸ ਮਾਮਲੇ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਹੈ। ਅਸੀਂ ਵਣਜ ਦੂਤਘਰ ਅਤੇ ਦੂਤਘਰ ਦੇ ਸਾਰੇ ਸਬੰਧਤ ਅਧਿਕਾਰੀਆਂ ਨਾਲ ਇਸ ਮਾਮਲੇ 'ਤੇ ਨੇੜਿਓਂ ਨਜ਼ਰ ਰੱਖਣੀ ਜਾਰੀ ਰੱਖਾਂਗੇ।”