ਸਾਊਦੀ ਅਰਬ ਨੇ ਮਿਲਟਰੀ ਸਹਿਯੋਗ ਸਮਝੌਤੇ ''ਤੇ ਕੀਤੇ ਦਸਤਖਤ

09/20/2017 11:38:43 AM

ਰਿਆਦ— ਕਤਰ ਦੇ ਬ੍ਰਿਟੇਨ ਤੋਂ ਲੜਾਕੂ ਜਹਾਜ਼ ਖਰੀਦਣ ਦੇ ਸੌਦੇ 'ਤੇ ਦਸਤਖਤ ਦੇ ਦੋ ਦਿਨ ਬਾਅਦ ਸਾਊਦੀ ਅਰਬ ਅਤੇ ਬ੍ਰਿਟੇਨ ਨੇ ਮਿਲਟਰੀ ਸਹਿਯੋਗ ਲਈ ਸਮਝੌਤੇ 'ਤੇ ਦਸਤਖਤ ਕੀਤੇ ਹਨ। ਸਾਊਦੀ ਪ੍ਰੈੱਸ ਏਜੰਸੀ ਨੇ ਦੱਸਿਆ ਕਿ ਸਾਊਦੀ ਅਰਬ ਦੇ ਸ਼ਹਿਜਾਦੇ ਮੁਹੰਮਦ ਬਿਨ ਸਲਮਾਨ ਨੇ ਜੇਡਾ ਵਿਚ ਬ੍ਰਿਟੇਨ ਦੇ ਰੱਖਿਆ ਮੰਤਰੀ ਮਾਈਕਲ ਫੈਲੋਨ ਨਾਲ ਸੁਰੱਖਿਆ ਸੰਬੰਧਾਂ 'ਤੇ ਚਰਚਾ ਕੀਤੀ। ਮੁਲਾਕਾਤ ਦੌਰਾਨ ਉਨ੍ਹਾਂ ਨੇ ਦੋ-ਪੱਖੀ ਸੰਬੰਧਾਂ ਖਾਸ ਤੌਰ 'ਤੇ ਖੇਤਰ ਵਿਚ ਸੰਯੁਕਤ ਸਹਿਯੋਗ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਅੱਤਵਾਦ ਨਾਲ ਲੜਨ ਦੀਆਂ ਕੋਸ਼ਿਸ਼ਾਂ 'ਤੇ ਵੀ ਚਰਚਾ ਕੀਤੀ। ਇਹ ਸਮਝੌਤਾ ਅਜਿਹੇ ਸਮੇਂ ਵਿਚ ਹੋ ਰਿਹਾ ਹੈ ਜਦੋਂ ਯੂਰਪੀ ਸੰਘ ਤੋਂ ਨਿਕਲਣ ਦੇ ਫੈਸਲੇ ਮਗਰੋਂ ਬ੍ਰਿਟੇਨ ਊਰਜਾ ਸਰੋਤਾਂ ਨਾਲ ਭਰਪੂਰ ਖਾੜੀ ਦੇਸ਼ਾਂ ਸਮੇਤ ਯੂਰਪ ਦੇ ਬਾਹਰ ਆਕਰਸ਼ਕ ਵਪਾਰਕ ਸੌਦੇ ਕਰਨ ਦੀਆਂ ਸੰਭਾਵਨਾਵਾਂ ਤਲਾਸ਼ ਰਿਹਾ ਹੈ।


Related News