ਦੁਨੀਆ ਦੇ ਇਸ ਇਲਾਕੇ ''ਚ ਸੋਕੇ ਦੇ ਹਾਲਾਤ, ਸਿਰਫ 92 ਦਿਨਾਂ ਲਈ ਬਚਿਆ ਪਾਣੀ
Sunday, Jan 21, 2018 - 01:07 PM (IST)

ਕੈਪਟਾਊਨ (ਬਿਊਰੋ)— ਪਾਣੀ ਬਿਨਾਂ ਧਰਤੀ 'ਤੇ ਜੀਵਨ ਸੰਭਵ ਨਹੀਂ ਹੈ। ਮੌਜੂਦਾ ਸਮੇਂ ਵਿਚ ਮਨੁੱਖੀ ਕਿਰਿਆਵਾਂ ਰਾਹੀਂ ਪਾਣੀ ਲਗਾਤਾਰ ਦੂਸ਼ਿਤ ਹੋ ਰਿਹਾ ਹੈ। ਇਸ ਦੇ ਗੰਭੀਰ ਨਤੀਜੇ ਬੀਮਾਰੀਆਂ ਦੇ ਰੂਪ ਵਿਚ ਸਾਹਮਣੇ ਆਉਂਦੇ ਰਹੇ ਹਨ। ਮਨੁੱਖੀ ਕਿਰਿਆਵਾਂ ਰਾਹੀਂ ਕਿਤੇ-ਕਿਤੇ ਪਾਣੀ ਦਾ ਪੱਧਰ ਬਹੁਤ ਹੇਠਾਂ ਜਾ ਚੁੱਕਾ ਹੈ ਅਤੇ ਉੱਥੇ ਸੋਕੇ ਦੇ ਹਾਲਾਤ ਪੈਦਾ ਹੋ ਸਕਦੇ ਹਨ। ਇਸੇ ਤਰ੍ਹਾਂ ਦੇ ਹਾਲਤ ਦੱਖਣੀ ਅਫਰੀਕਾ ਦੇ ਕੈਪਟਾਊਨ ਵਿਚ ਪੈਦਾ ਹੋ ਚੁੱਕੇ ਹਨ, ਜਿੱਥੇ ਵਰਤੋਂ ਲਈ ਸਿਰਫ 92 ਦਿਨ ਲਈ ਪਾਣੀ ਬਚਿਆ ਹੈ। ਇੱਥੇ ਪਾਣੀ ਲਈ ਐਮਰਜੈਂਸੀ ਜਿਹੇ ਹਾਲਾਤ ਹੋ ਗਏ ਹਨ। ਇੱਥੋਂ ਦੇ 6 ਵੱਡੇ ਬੰਨ ਲੱਗਭਗ ਸੁੱਕ ਚੁੱਕੇ ਹਨ। ਆਉਣ ਵਾਲੇ ਕੁਝ ਦਿਨਾਂ ਵਿਚ ਜੇ ਸ਼ਹਿਰ ਵਿਚ ਮੀਂਹ ਨਾ ਪਿਆ ਤਾਂ ਪਾਣੀ ਦਾ ਪੱਧਰ 21 ਅਪ੍ਰੈਲ ਤੱਕ 13.5 ਫੀਸਦੀ ਤੋਂ ਘੱਟ ਜਾਵੇਗਾ ਅਤੇ ਇਸ ਮਗਰੋਂ ਘਰਾਂ ਵਿਚ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ। ਇਹ ਦੁਨੀਆ ਦਾ ਪਹਿਲਾ ਅਜਿਹਾ ਸ਼ਹਿਰ ਹੋਵੇਗਾ, ਜਿੱਥੇ ਪਾਣੀ ਲਈ ਐਮਰਜੈਂਸੀ ਦੇ ਹਾਲਾਤ ਹੋਣਗੇ। ਸ਼ਹਿਰ ਵਿਚ ਲੋਕ ਸੋਕੇ ਨੂੰ ਲੈ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ।
ਸਿਰਫ 200 ਸੈਂਟਰਾਂ 'ਤੇ ਮਿਲੇਗਾ ਪਾਣੀ
ਅਥਾਰਿਟੀ ਨੇ 21 ਅਪ੍ਰੈਲ ਨੂੰ ਡੇ-ਜ਼ੀਰੇ ਐਲਾਨ ਕੀਤਾ ਹੈ। ਇਸ ਮਗਰੋਂ ਲੋਕਾਂ ਦੇ ਘਰਾਂ ਵਿਚ ਪਾਣੀ ਦੀ ਸਪਲਾਈ ਬੰਦ ਹੋ ਜਾਵੇਗੀ। ਸ਼ਹਿਰ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਲੈਣ ਲਈ ਲਾਈਨਾਂ ਵਿਚ ਲੱਗਣਾ ਹੋਵੇਗਾ। ਇਸ ਲਈ ਸ਼ਹਿਰ ਵਿਚ 200 ਸੈਂਟਰ ਬਣਾਏ ਜਾ ਰਹੇ ਹਨ। ਇਸ ਸਮੇਂ ਇੱਥੋਂ ਦੇ ਘਰਾਂ ਵਿਚ 87 ਲੀਟਰ ਪਾਣੀ ਦੀ ਸਪਲਾਈ ਹੋ ਰਹੀ ਹੈ। ਡੇ-ਜ਼ੀਰੋ ਨਾਲ ਸਿਰਫ 27 ਲੀਟਰ ਪਾਣੀ ਮਿਲਿਆ ਕਰੇਗਾ। ਉਹ ਵੀ ਲਾਈਨ ਵਿਚ ਲੱਗਣ ਮਗਰੋਂ। ਕੈਪਟਾਊਨ ਦੀ ਆਬਾਦੀ 37 ਲੱਖ ਹੈ। ਇੱਥੇ ਸਰਕਾਰ ਵੱਲੋਂ ਬਣਾਈਆਂ ਟੀਮਾਂ ਘਰ-ਘਰ ਜਾ ਕੇ ਲੋਕਾਂ ਨੂੰ ਦੱਸ ਰਹੀਆਂ ਹਨ ਕਿ ਪਾਣੀ ਕਿਵੇਂ ਬਚਾਉਣਾ ਹੈ ਅਤੇ ਘੱਟ ਪਾਣੀ ਵਿਚ ਕੰਮ ਕਿਵੇਂ ਕਰਨਾ ਹੈ।
60 ਕਰੋੜ ਲੀਟਰ ਪਾਣੀ ਦਿੰਦਾ ਹੈ ਇਹ ਬੰਨ
ਥੀਵਾਟਰਕਲੂਫ ਕੈਪਟਾਊਨ ਦਾ ਸਭ ਤੋਂ ਵੱਡਾ ਬੰਨ ਹੈ। ਸ਼ਹਿਰ ਵਿਚ 41 ਫੀਸਦੀ ਪਾਣੀ ਦੀ ਸਪਲਾਈ ਇਸੇ ਬੰਨ ਜ਼ਰੀਏ ਹੁੰਦੀ ਹੈ। ਇਸ ਬੰਨ ਦੀ ਸਮੱਰਥਾ 48 ਲੱਖ ਘਣ ਲੀਟਰ ਹੈ। ਰੋਜ਼ ਸ਼ਹਿਰ ਨੂੰ ਇਸ ਤੋਂ 60 ਕਰੋੜ ਲੀਟਰ ਪਾਣੀ ਦੀ ਸਪਲਾਈ ਹੁੰਦੀ ਹੈ। ਇਹ 10 ਵਰਗ ਕਿਲੋਮੀਟਰ ਇਲਾਕੇ ਵਿਚ ਫੈਲਿਆ ਹੋਇਆ ਹੈ ਪਰ ਹੁਣ ਇਸ ਬੰਨ ਵਿਚ ਪਾਣੀ ਦਾ ਪੱਧਰ ਕਾਫੀ ਹੇਠਾਂ ਹੋ ਚੁੱਕਾ ਹੈ।