ਪਾਕਿ ''ਚ ਕੋਰੋਨਾਵਾਇਰਸ ਦੇ ਪਹਿਲੇ ਦੋ ਮਾਮਲਿਆਂ ਦੀ ਪੁਸ਼ਟੀ

Thursday, Feb 27, 2020 - 01:38 PM (IST)

ਪਾਕਿ ''ਚ ਕੋਰੋਨਾਵਾਇਰਸ ਦੇ ਪਹਿਲੇ ਦੋ ਮਾਮਲਿਆਂ ਦੀ ਪੁਸ਼ਟੀ

ਇਸਲਾਮਾਬਾਦ- ਪਾਕਿਸਤਾਨ ਨੇ ਬੁੱਧਵਾਰ ਨੂੰ ਕੋਰੋਨਾਵਾਇਰਸ ਨਾਲ ਇਨਫੈਕਟਡ ਦੇਸ਼ ਵਿਚ ਪਹਿਲੇ ਦੋ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਬੁੱਧਵਾਰ ਸ਼ਾਮ ਨੂੰ ਇਕ ਟਵੀਟ ਕਰਦੇ ਹੋਏ ਸਿਹਤ 'ਤੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਜ਼ਫਰ ਮਿਰਜ਼ਾ ਨੇ ਕਿਹਾ ਕਿ ਮੈਂ ਪਾਕਿਸਤਾਨ ਵਿਚ ਕੋਰੋਨਾਵਾਇਰਸ ਦੇ ਪਹਿਲੇ ਦੋ ਮਾਮਲਿਆਂ ਦੀ ਪੁਸ਼ਟੀ ਕਰਦਾ ਹਾਂ। ਦੋਵਾਂ ਹੀ ਮਾਮਲਿਆਂ ਵਿਚ ਕਲੀਨਿਕਲ ਮਾਣਕ ਪ੍ਰੋਟੋਕਾਲ ਦੇ ਮੁਤਾਬਕ ਧਿਆਨ ਰੱਖਿਆ ਜਾ ਰਿਹਾ ਹੈ ਤੇ ਦੋਵਾਂ ਦੀ ਹਾਲਤ ਸਥਿਰ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ, ਚੀਜ਼ਾਂ ਕੰਟਰੋਲ ਵਿਚ ਹਨ।

ਪਾਕਿਸਤਾਨੀ ਅਖਬਾਰ ਡਾਨ ਮੁਤਾਬਕ ਕਵੇਟਾ ਵਿਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਮਿਰਜ਼ਾ ਨੇ ਕਿਹਾ ਕਿ ਸਿੰਧ ਵਿਚ ਇਕ ਮਾਮਲੇ ਦੀ ਰਿਪੋਰਟ ਕੀਤੀ ਗਈ ਜਦਕਿ ਦੂਜੀ ਪੁਸ਼ਟੀ ਸੰਘੀ ਇਲਾਕੇ ਵਿਚ ਹੋਈ ਹੈ। ਉਹਨਾਂ ਨੇ ਕਿਹਾ ਕਿ ਦੋਵਾਂ ਪ੍ਰਭਾਵਿਤ ਵਿਅਕਤੀਆਂ ਨੇ ਪਿਛਲੇ ਦੋ ਹਫਤਿਆਂ ਵਿਚ ਈਰਾਨ ਦੀ ਯਾਤਰਾ ਕੀਤੀ ਸੀ। ਹਾਲਾਂਕਿ ਉਹਨਾਂ ਨੇ ਦੋਵਾਂ ਮਾਮਲਿਆਂ 'ਤੇ ਹੋਰ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਇਕ ਸਵਾਲ ਦੇ ਜਵਾਬ ਵਿਚ ਉਹਨਾਂ ਨੇ ਕਿਹਾ ਕਿ ਵਾਇਰਸ ਦੇ 15 ਸ਼ੱਕੀ ਮਾਮਲੇ ਅਜੇ ਜਾਂਚ ਵਿਚ ਹਨ ਜਦਕਿ 100 ਮਾਮਲਿਆਂ ਵਿਚ ਕੋਰੋਨਾਵਾਇਰਸ ਦਾ ਟੈਸਟ ਨਾਕਾਰਾਤਮਕ ਰਿਹਾ। ਉਹਨਾਂ ਨੇ ਕਿਹਾ ਕਿ ਘਬਰਾਹਟ ਪੈਦਾ ਕਰਨ ਜਾਂ ਬੇਕਾਰ ਦੀ ਚਿੰਤਾ ਦੀ ਬਜਾਏ, ਲੋਕਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਤੇ ਜ਼ਿੰਮੇਦਾਰੀ ਦਿਖਾਉਣੀ ਚਾਹੀਦੀ ਹੈ। ਮਿਰਜ਼ਾ ਨੇ ਕਿਸੇ ਵੀ ਲੱਛਣ ਦੇ ਪਤਾ ਲੱਗਣ 'ਤੇ ਜਨਤਾ ਨੂੰ ਹਸਪਤਾਲ ਵਿਚ ਜਾਣ ਦੀ ਅਪੀਲ ਕੀਤੀ ਹੈ ਤੇ ਸਰਕਾਰੀ ਹੈਲਪਲਾਈਨ 1166 'ਤੇ ਕਾਲ ਕਰਨ ਲਈ ਕਿਹਾ ਹੈ।


author

Baljit Singh

Content Editor

Related News