ਕੋਲੰਬੀਆ ਨੇ ਕੋਰੋਨਾ ਮਰੀਜ਼ਾਂ ਲਈ ਬਣਾਇਆ ਅਨੋਖਾ ਬੈੱਡ, ਤਾਬੂਤ ਦਾ ਵੀ ਕਰੇਗਾ ਕੰਮ

Saturday, May 16, 2020 - 06:04 PM (IST)

ਕੋਲੰਬੀਆ ਨੇ ਕੋਰੋਨਾ ਮਰੀਜ਼ਾਂ ਲਈ ਬਣਾਇਆ ਅਨੋਖਾ ਬੈੱਡ, ਤਾਬੂਤ ਦਾ ਵੀ ਕਰੇਗਾ ਕੰਮ

ਬਗੋਟਾ (ਬਿਊਰੋ): ਕੋਵਿਡ-19 ਦੇ ਵੱਧਦੇ ਕਹਿਰ ਨੇ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਦੀਆਂ ਸਿਹਤ ਸਹੂਲਤਾਂ ਨੂੰ ਤਬਾਹ ਕਰ ਦਿੱਤਾ ਹੈ। ਜ਼ਿਆਦਾਤਰ ਦੇਸ਼ ਇਸ ਸਮੇਂ ਹਸਪਤਾਲਾਂ ਵਿਚ ਬੈੱਡ ਅਤੇ ਕਬਰਸਤਾਨ ਵਿਚ ਤਾਬੂਤਾਂ ਦੀ ਕਮੀ ਨਾਲ ਜੂਝ ਰਹੇ ਹਨ। ਇਸ ਦੌਰਾਨ ਲੈਟਿਨ ਅਮਰੀਕੀ ਦੇਸ਼ ਕੋਲੰਬੀਆ ਦੀ ਇਕ ਡਿਜ਼ਾਈਨਿੰਗ ਕੰਪਨੀ ਨੇ ਅਨੋਖਾ ਬਾਇਓਡਿਗ੍ਰੇਬਲ ਬੈੱਡ ਤਿਆਰ ਕੀਤਾ ਹੈ। ਇਸ ਬੈੱਡ ਦੀ ਖਾਸੀਅਤ ਇਹ ਹੈ ਕਿ ਜਿੱਥੇ ਹਸਪਤਾਲ ਵਿਚ ਇਸ ਨੂੰ ਮਰੀਜ਼ ਦੇ ਇਲਾਜ ਲਈ ਵਰਤਿਆ ਜਾ ਸਕਦਾ ਹੈ। ਉੱਥੇ ਮਰੀਜ਼ ਦੀ ਮੌਤ ਦੇ ਬਾਅਦ ਇਸ ਨੂੰ ਮੋੜ ਕੇ ਤਾਬੂਤ ਵਿਚ ਬਦਲਿਆ ਜਾ ਸਕਦਾ ਹੈ। 

PunjabKesari

ਕਾਰਡਬੋਰਡ ਨਾਲ ਬਣੇ ਇਸ ਬੈੱਡ ਨੂੰ ਖਾਸ ਕਰ ਕੇ ਕੋਰੋਨਾ ਪੀੜਤ ਮਰੀਜ਼ਾਂ ਲਈ ਬਣਾਇਆ ਗਿਆ ਹੈ। ਇਸ ਬੈੱਡ ਨੂੰ 18 ਮਹੀਨੇ ਤੱਕ ਵਰਤਿਆ ਜਾ ਸਕਦਾ ਹੈ। ਉਂਝ ਇਹ 180 ਕਿਲੋਗ੍ਰਾਮ ਤੱਕ ਦੇ ਵਜ਼ਨ ਨੂੰ ਸਹਿਨ ਕਰ ਸਕਦਾ ਹੈ। ਕੰਪਨੀ ਨੇ ਦੱਸਿਆ ਕਿ ਇਕ ਮਹੀਨੇ ਵਿਚ ਉਹ ਅਜਿਹੇ 3 ਹਜ਼ਾਰ ਬੈੱਡ ਬਣਾ ਸਕਦੀ ਹੈ। ਅਸਲ ਵਿਚ ਇਕਵਾਡੋਰ ਵਿਚ ਲੋਕ ਆਪਣੇ ਪਿਆਰਿਆਂ ਦੀ ਵਾਇਰਸ ਕਾਰਨ ਮੌਤ ਹੋ ਜਾਣ ਦੇ ਬਾਅਦ ਤਾਬੂਤ ਦੀ ਕਮੀ ਨਾਲ ਪਰੇਸ਼ਾਨ ਸਨ। ਉੱਥੇ ਕਈ ਲੋਕਾਂ ਨੂੰ ਹਸਪਤਾਲ ਵਿਚ ਮਰੀਜ਼ਾਂ ਨੂੰ ਭਰਤੀ ਕਰਵਾਉਣ ਲਈ ਬੈੱਡ ਤੱਕ ਨਹੀਂ ਮਿਲਦੇ ਸਨ। ਅਜਿਹੇ ਵਿਚ ਕੰਪਨੀ ਨੇ 'ਟੂ ਇਨ ਵਨ' ਦੇ ਆਈਡੀਆ 'ਤੇ ਕੰਮ ਕਰਦਿਆਂ ਇਸ ਬੈੱਡ ਦਾ ਡਿਜ਼ਾਈਨ ਤਿਆਰ ਕੀਤਾ। 

PunjabKesari

ਕੰਪਨੀ ਦੇ ਮੈਨੇਜਰ ਰੋਡੋਲਫ ਗੋਮਜ਼ ਨੇ ਦੱਸਿਆ ਕਿ ਇਸ ਬੈੱਡ ਨੂੰ ਬਣਾਉਣ ਲਈ ਮੋਟੇ ਗੱਤੇ ਅਤੇ ਧਾਤ ਦੀ ਰੇਲਿੰਗ ਦੀ ਵਰਤੋਂ ਕੀਤੀ ਗਈ ਜਿਸ ਨਾਲ ਕਿ ਇਸ ਦੀ ਮਜ਼ਬੂਤੀ 'ਤੇ ਕੋਈ ਅਸਰ ਨਾ ਪਵੇ। ਗਤੇ ਨਾਲ ਬਣੇ ਇਸ ਬੈੱਡ 'ਤੇ 150 ਕਿਲੋ ਦਾ ਮਰੀਜ਼ ਆਸਾਨੀ ਨਾਲ ਲੇਟ ਸਕਦਾ ਹੈ। ਕੰਪਨੀ ਨੇ ਇਸ ਬੈੱਡ ਦੀ ਕੀਮਤ 85 ਡਾਲਰ ਰੱਖੀ ਹੈ।ਹੁਣ ਕੰਪਨੀ ਦਾ ਇਰਾਦਾ ਇਸ ਬੈੱਡ ਨੂੰ ਕੋਲੰਬੀਆ ਦੇ ਹਸਪਤਾਲਾਂ ਵਿਚ ਸਪਲਾਈ ਕਰਨ ਦਾ ਹੈ। ਦੇਸ਼ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 9500 ਮਾਮਲੇ ਸਾਹਮਣੇ ਆ ਚੁੱਕੇ ਹਨ।

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਕੰਪਨੀ ਦਾ ਦਾਅਵਾ-'ਲੱਭਿਆ ਕੋਰੋਨਾ ਦਾ ਇਲਾਜ, 100 ਫੀਸਦੀ ਅਸਰਦਾਰ'

ਕੋਰੋਨਾਵਾਇਰਸ ਨਾਲ ਦੁਨੀਆ ਭਰ ਵਿਚ 46 ਲੱਖ ਤੋਂ ਵਧੇਰੇ ਲੋਕ ਇਨਫੈਕਟਿਡ ਹਨ। ਜਦਕਿ 3 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪ੍ਰਭਾਵਿਤ ਦੇਸ਼ਾਂ ਵਿਚ ਅਮਰੀਕਾ ਸਿਖਰ 'ਤੇ ਹੈ।ਇੱਥੇ 14 ਲੱਖ ਤੋਂ ਵਧੇਰੇ ਲੋਕ ਵਾਇਰਸ ਨਾਲ ਪੀੜਤ ਹਨ ਜਦਕਿ 88 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਧਰ ਰੂਸ ਵਿਚ ਵੀ ਹਾਲਾਤ ਬੇਕਾਬੂ ਹਨ। ਇੱਥੇ ਪੀੜਤਾਂ ਦੀ ਗਿਣਤੀ ਵੱਧ ਕੇ 2 ਲੱਖ 72 ਹਜ਼ਾਰ ਦੇ ਪਾਰ ਜਾ ਚੁੱਕੀ ਹੈ। ਭਾਵੇਂਕਿ ਹੁਣ ਤੱਕ 2537 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਵਿਚ ਰੂਸ ਤੀਜੇ ਸਥਾਨ 'ਤੇ ਹੈ। ਹਾਲ ਹੀ ਵਿਚ ਇਸ ਨੇ ਯੂਕੇ ਅਤੇ ਇਟਲੀ ਨੂੰ ਪਿੱਛੇ ਛੱਡ ਦਿੱਤਾ ਹੈ।


author

Vandana

Content Editor

Related News