CM ਭਗਵੰਤ ਮਾਨ ਵੱਲੋਂ ਹਜ਼ੂਰ ਰਾਜਾ ਸਾਹਿਬ ਨਾਭ ਕੰਵਲ ਅਸਥਾਨ ਖ਼ਿਲਾਫ਼ ਟਿੱਪਣੀ ''ਤੇ ਇਟਲੀ ਦੀ ਸਿੱਖ ਸੰਗਤ ''ਚ ਰੋਸ
Tuesday, Jan 20, 2026 - 01:19 PM (IST)
ਵਿਰੋਨਾ (ਦਲਵੀਰ ਸਿੰਘ ਕੈਂਥ) - ਹਜ਼ੂਰ ਰਾਜਾ ਸਾਹਿਬ ਨਾਭ ਕੰਵਲ ਜੀ ਦੇ ਤਪ ਅਸਥਾਨ ਮਜ਼ਾਰਾ ਸਾਹਿਬ ਨੋ ਆਬਾਦ (ਸ਼ਹੀਦ ਭਗਤ ਸਿੰਘ ਨਗਰ) ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਗਏ ਬਿਆਨ ਨੇ ਨਵਾਂ ਵਿਵਾਦ ਛੇੜ ਦਿੱਤਾ ਹੈ। ਮੁੱਖ ਮੰਤਰੀ ਵੱਲੋਂ ਸਿੱਖ ਰਹਿਤ ਮਰਿਆਦਾ ਨੂੰ ਲੈ ਕੇ ਕੀਤੀ ਗਈ ਟਿੱਪਣੀ ਤੋਂ ਬਾਅਦ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਿੱਚ ਭਾਰੀ ਰੋਹ ਦੇਖਣ ਨੂੰ ਮਿਲ ਰਿਹਾ ਹੈ। ਇਸੇ ਲੜੀ ਤਹਿਤ ਇਟਲੀ ਦੀ ਸਿੱਖ ਸੰਗਤ ਨੇ ਮੁੱਖ ਮੰਤਰੀ ਨੂੰ ਚੇਤਾਵਨੀ ਦਿੱਤੀ ਹੈ ਕਿ ਇਸ 'ਝੂਠੇ ਪ੍ਰਚਾਰ' ਦਾ ਖ਼ਮਿਆਜ਼ਾ ਉਨ੍ਹਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ।
ਗੁਰਦੁਆਰਾ ਸਾਹਿਬ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਸਨਬੋਨੀਫਾਚੋ (ਵਿਰੋਨਾ) ਦੇ ਪ੍ਰਬੰਧਕਾਂ ਅਤੇ ਸੰਗਤਾਂ ਨੇ ਕਿਹਾ ਕਿ ਰਾਜਾ ਸਾਹਿਬ ਜੀ ਦਾ ਅਸਥਾਨ ਪਿਛਲੇ ਕਈ ਦਹਾਕਿਆਂ ਤੋਂ ਸ਼ਰਧਾ ਦਾ ਕੇਂਦਰ ਹੈ, ਜਿੱਥੇ ਸਿੱਖੀ ਸਿਧਾਂਤਾਂ ਅਤੇ ਮਰਿਆਦਾ ਦਾ ਪੂਰਾ ਸਤਿਕਾਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਬਿਨਾਂ ਕਿਸੇ ਜਾਣਕਾਰੀ ਦੇ ਸਿਰਫ਼ 'ਸ਼ੋਹਰਤ' ਹਾਸਲ ਕਰਨ ਲਈ ਕੈਮਰੇ ਅੱਗੇ ਗੈਰ-ਜ਼ਿੰਮੇਵਾਰਾਨਾ ਬਿਆਨ ਦਿੱਤਾ ਹੈ, ਜਿਸ ਨਾਲ ਲੱਖਾਂ ਸ਼ਰਧਾਲੂਆਂ ਦੀ ਆਸਥਾ ਨੂੰ ਗਹਿਰੀ ਸੱਟ ਵੱਜੀ ਹੈ।
ਸੰਗਤਾਂ ਅਨੁਸਾਰ ਇਸ ਅਸਥਾਨ 'ਤੇ ਸਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਵਾਹ ਚੱਲਦਾ ਹੈ ਅਤੇ ਮਰਿਆਦਾ ਪੂਰੀ ਤਰ੍ਹਾਂ ਨਿਭਾਈ ਜਾਂਦੀ ਹੈ। ਪ੍ਰਬੰਧਕਾਂ ਨੇ ਯਾਦ ਕਰਵਾਇਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖ਼ੁਦ ਇਸ ਅਸਥਾਨ ਦੀ ਜਾਂਚ ਕਰਕੇ ਇੱਥੋਂ ਦੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਸੀ। ਇਟਲੀ ਦੀ ਸਿੱਖ ਸੰਗਤ ਨੇ ਸਪੱਸ਼ਟ ਕੀਤਾ ਕਿ ਜੇਕਰ ਸਰਕਾਰ ਨੇ ਅਜਿਹੀਆਂ ਘਟੀਆ ਕਾਰਵਾਈਆਂ ਬੰਦ ਨਾ ਕੀਤੀਆਂ ਤਾਂ ਆਮ ਆਦਮੀ ਪਾਰਟੀ ਨੂੰ ਸਿਆਸੀ ਨੁਕਸਾਨ ਝੱਲਣਾ ਪਵੇਗਾ।
