ਸਕਾਟਲੈਂਡ ''ਚ ਜਲਵਾਯੂ ਤਬਦੀਲੀ 2080 ਤੱਕ ਕਰ ਸਕਦੀ ਹੈ ਵਿਸਕੀ ਦੇ ਉਤਪਾਦਨ ਨੂੰ ਬੰਦ

Tuesday, Oct 26, 2021 - 12:32 AM (IST)

ਸਕਾਟਲੈਂਡ ''ਚ ਜਲਵਾਯੂ ਤਬਦੀਲੀ 2080 ਤੱਕ ਕਰ ਸਕਦੀ ਹੈ ਵਿਸਕੀ ਦੇ ਉਤਪਾਦਨ ਨੂੰ ਬੰਦ

***ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) - ਸਕਾਟਲੈਂਡ ਜੋ ਕਿ ਦੁਨੀਆਂ ਭਰ ਵਿੱਚ ਵਿਸਕੀ ਦੇ ਉਤਪਾਦਨ ਲਈ ਪ੍ਰਸਿੱਧ ਹੈ, ਵਿੱਚ 2080 ਤੱਕ ਵਿਸਕੀ ਦਾ ਉਤਪਾਦਨ ਘੱਟ ਜਾਂ ਬੰਦ ਹੋ ਸਕਦਾ ਹੈ। ਇਸ ਸਬੰਧੀ ਇੱਕ ਰਿਪੋਰਟ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਗਲੋਬਲ ਵਾਰਮਿੰਗ ਕਾਰਨ ਤਾਪਮਾਨ ਵਿੱਚ ਹੋਣ ਵਾਲੇ ਬਦਲਾਅ ਕਾਰਨ ਅਗਲੇ 60 ਸਾਲਾਂ ਵਿੱਚ ਸਕਾਟਲੈਂਡ ਦੀਆਂ ਕੁੱਝ ਡਿਸਟਿਲਰੀਆਂ (ਸ਼ਰਾਬ ਦੇ ਕਾਰਖਾਨੇ) ਵਿੱਚ ਵਿਸਕੀ ਦਾ ਉਤਪਾਦਨ ਸੀਮਤ ਜਾਂ ਰੁਕ ਸਕਦਾ ਹੈ।

ਇਹ ਵੀ ਪੜ੍ਹੋ - ਯੂਨਾਈਟਿਡ ਏਅਰਲਾਈਨ ਦੇ ਅਧਿਕਾਰੀ ਦੀ ਲਾਸ਼ ਲਾਪਤਾ ਹੋਣ ਤੋਂ ਇੱਕ ਸਾਲ ਬਾਅਦ ਹੋਈ ਬਰਾਮਦ

ਇਸ ਬਾਰੇ ਯੂਨੀਵਰਸਿਟੀ ਕਾਲਜ ਲੰਡਨ (ਯੂ.ਸੀ.ਐੱਲ.) ਦੇ ਖੋਜਕਰਤਾਵਾਂ ਅਨੁਸਾਰ ਜਲਵਾਯੂ ਸੰਕਟ ਕਾਰਨ ਆਉਣ ਵਾਲੀ ਗਰਮੀ ਅਤੇ ਸੋਕੇ ਕਾਰਨ ਦੇਸ਼ ਵਿੱਚ ਵਿਸਕੀ ਬਣਾਉਣ ਲਈ ਲੋੜੀਂਦੇ ਤਿੰਨ ਤੱਤਾਂ (ਪਾਣੀ, ਜੌਂ ਅਤੇ ਖਮੀਰ) ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੇ ਹਨ। ਗਲੇਨਗੋਏਨ ਹਾਈਲੈਂਡ ਸਿੰਗਲ ਮਾਲਟ ਸਕਾਚ ਵਿਸਕੀ ਦੁਆਰਾ ਸ਼ੁਰੂ ਕੀਤੀ ਗਈ ਇਸ ਰਿਪੋਰਟ ਦਾ ਅਨੁਮਾਨ ਹੈ ਕਿ ਸਕਾਟਲੈਂਡ ਨੂੰ 2080 ਦੇ ਦਹਾਕੇ ਤੱਕ ਵਧੇਰੇ ਤੀਬਰ ਸੋਕੇ ਦਾ ਸਾਹਮਣਾ ਕਰਨਾ ਪਵੇਗਾ, ਜਿਸ ਨਾਲ ਕੁੱਝ ਖੇਤਰਾਂ ਵਿੱਚ ਪਾਣੀ ਦੀ ਸਪਲਾਈ ਘਟ ਅਤੇ ਰੁਕ ਜਾਵੇਗੀ। ਜਦਕਿ ਵਿਸਕੀ ਡਿਸਟਿਲਰੀਆਂ ਸਾਲਾਨਾ ਲਗਭਗ 61 ਬਿਲੀਅਨ ਲੀਟਰ ਪਾਣੀ ਦੀ ਵਰਤੋਂ ਕਰਦੀਆਂ ਹਨ ਅਤੇ ਇੱਕ ਲੀਟਰ ਵਿਸਕੀ ਲਈ 46.9 ਲੀਟਰ ਪਾਣੀ ਦੀ ਲੋੜ ਹੁੰਦੀ ਹੈ, ਮਤਲਬ ਕਿ ਸੋਕਾ ਕੁੱਝ ਡਿਸਟਿਲਰੀਆਂ ਨੂੰ ਉਤਪਾਦਨ ਘਟਾਉਣ ਜਾਂ ਰੋਕਣ ਲਈ ਮਜਬੂਰ ਕਰੇਗਾ।

ਇਹ ਵੀ ਪੜ੍ਹੋ - ਲੰਡਨ ਤੋਂ ਗਲਾਸਗੋ ਤੱਕ ਪੈਦਲ ਯਾਤਰਾ ਕਰਕੇ ਕੋਪ 26 ਸੰਮੇਲਨ 'ਚ ਪਹੁੰਚਣਗੇ ਜਲਵਾਯੂ ਕਾਰਕੁੰਨ

ਰਿਪੋਰਟ ਅਨੁਸਾਰ 2018 ਦੀਆਂ ਗਰਮੀਆਂ ਦੌਰਾਨ ਸੋਕੇ ਦੀਆਂ ਸਥਿਤੀਆਂ ਕਾਰਨ ਇਸਲੇ ਦੀਆਂ 10 ਡਿਸਟਿਲਰੀਆਂ ਵਿੱਚੋਂ 5 ਅਤੇ ਪਰਥਸ਼ਾਇਰ ਵਿੱਚ ਬਲੇਅਰ ਐਥੋਲ ਅਤੇ ਐਡਰਾਡੌਰ ਡਿਸਟਿਲਰੀਆਂ ਨੂੰ ਉਤਪਾਦਨ ਰੋਕਣ ਲਈ ਮਜਬੂਰ ਹੋਣਾ ਪਿਆ ਸੀ। ਮਾਹਿਰਾਂ ਅਨੁਸਾਰ 2018 ਦੀ ਗਰਮੀ ਦੀ ਲਹਿਰ ਦੇ ਨਤੀਜੇ ਵਜੋਂ ਯੂਕੇ ਦੇ ਜੌਂ ਉਤਪਾਦਨ ਵਿੱਚ 7.9 ਪ੍ਰਤੀਸ਼ਤ ਦੀ ਗਿਰਾਵਟ ਆਈ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News