ਰੈਸਤਰਾਂ ਤੋਂ ਮੰਗਵਾਏ ਖਾਣੇ ''ਚੋਂ ਨਿਕਲਿਆ ਮਨੁੱਖੀ ਦੰਦ, ਜੋੜੇ ਦੇ ਉੱਡੇ ਹੋਸ਼

Sunday, Mar 01, 2020 - 05:22 PM (IST)

ਰੈਸਤਰਾਂ ਤੋਂ ਮੰਗਵਾਏ ਖਾਣੇ ''ਚੋਂ ਨਿਕਲਿਆ ਮਨੁੱਖੀ ਦੰਦ, ਜੋੜੇ ਦੇ ਉੱਡੇ ਹੋਸ਼

ਲੰਡਨ- ਇਕ ਚੀਨੀ ਰੈਸਤਰਾਂ ਤੋਂ ਹੋਮ ਡਿਲਵਰੀ ਕੀਤੇ ਗਏ ਖਾਣੇ ਵਿਚ ਇਨਸਾਨੀ ਦੰਦ ਮਿਲਣ ਦੀ ਘਟਨਾ ਸਾਹਮਣੇ ਆਈ ਹੈ। ਹਾਲਾਂਕਿ ਜਾਂਚ ਤੋਂ ਬਾਅਦ ਰੈਸਤਰਾਂ 'ਤੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਹੋਈ ਹੈ। ਰੈਸਤਰਾਂ ਦੇ ਮੈਨੇਜਰ ਦਾ ਕਹਿਣਾ ਹੈ ਕਿ ਉਹ ਇਥੋਂ ਦੇ ਸਾਰੇ ਸਟਾਫ ਦਾ ਡੀ.ਐਨ.ਏ. ਟੈਸਟ ਕਰਵਾਉਣ ਲਈ ਤਿਆਰ ਹਨ, ਜਿਸ ਨਾਲ ਪਤਾ ਲੱਗ ਜਾਵੇਗਾ ਕਿ ਇਹ ਦੰਦ ਕਿਸੇ ਸਟਾਫ ਮੈਂਬਰ ਦਾ ਹੈ ਜਾਂ ਨਹੀਂ।

ਰੈਸਟਰਾਂ ਦੇ ਖਾਣੇ ਵਿਚ ਇਨਸਾਨੀ ਦੰਦ ਮਿਲਣ ਦਾ ਇਹ ਮਾਮਲਾ ਇੰਗਲੈਂਡ ਦਾ ਹੈ। ਇਕ ਜੋੜੇ ਨੇ 'ਨਿਊਟਾਊਨ ਕੈਂਟੋਨਸੀ ਟੇਕਅਵੇ' ਨਾਂ ਦੇ ਇਕ ਚੀਨੀ ਰੈਸਤਰਾਂ ਤੋਂ ਖਾਣਾ ਮੰਗਵਾਇਆ ਸੀ। ਪਰ ਜਦੋਂ ਉਹ ਖਾਣਾ ਖਾਣ ਬੈਠੇ ਤਾਂ ਉਹਨਾਂ ਨੂੰ ਪੋਰਕ-ਕਰੀ ਵਿਚੋਂ ਇਨਸਾਨੀ ਦੰਦ ਮਿਲੇ। ਸਥਾਨਕ ਅਧਿਕਾਰੀਆਂ ਨੇ ਰੈਸਤਰਾਂ ਦੀ ਜਾਂਚ ਵੀ ਕੀਤੀ ਤੇ ਪਤਾ ਲੱਗਿਆ ਕਿ ਰੈਸਤਰਾਂ ਵਿਚ ਕਿਸੇ ਵੀ ਸੇਫਟੀ ਨਿਯਮ ਨੂੰ ਤੋੜਿਆ ਨਹੀਂ ਗਿਆ ਹੈ। ਇਸੇ ਆਧਾਰ 'ਤੇ ਰੈਸਤਰਾਂ 'ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਨਾ ਹੀ ਰੈਸਤਰਾਂ ਦੀ ਰੇਟਿੰਗ ਘਟਾਈ ਗਈ।

ਹਾਲਾਂਕਿ ਰੈਸਤਰਾਂ ਨੇ ਜੋੜੇ ਨਾਲ ਵਾਪਰੀ ਇਸ ਘਟਨਾ ਬਦਲੇ ਰੋਜ਼ਾਨਾ ਫ੍ਰੀ ਖਾਣਾ ਤੇ ਰਿਫੰਡ ਆਫਰ ਕੀਤਾ। ਕਪਲ ਨੇ ਮੁਫਤ ਖਾਣਾ ਲੈਣ ਤੋਂ ਇਨਕਾਰ ਕਰ ਦਿੱਤਾ। ਉਥੇ ਹੀ ਰੈਸਤਰਾਂ ਦੇ ਮੈਨੇਜਰ ਨੇ ਕਿਹਾ ਕਿ ਅਧਿਕਾਰੀਆਂ ਨੇ ਸਾਰੇ ਸਟਾਫ ਦੇ ਦੰਦਾਂ ਨੂੰ ਚੈੱਕ ਕੀਤਾ ਤੇ ਪਤਾ ਲੱਗਿਆ ਕਿ ਕਿਸੇ ਦਾ ਕੋਈ ਵੀ ਦੰਦ ਗਾਇਬ ਨਹੀਂ ਸੀ। ਰੈਸਤਰਾਂ ਨੇ ਕਿਹਾ ਕਿ ਅਸੀਂ ਨਹੀਂ ਜਾਣਦੇ ਕਿ ਖਾਣੇ ਵਿਚ ਦੰਦ ਕਿਥੋਂ ਆਇਆ। ਜਾਂਚ ਤੋਂ ਬਾਅਦ ਅਧਿਕਾਰੀ ਇਸ ਗੱਲ ਤੋਂ ਸੰਤੁਸ਼ਟ ਸਨ ਕਿ ਰੈਸਤਰਾਂ ਵਿਚ ਹਾਈਜੀਨ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਹੀਂ ਵਰਤੀ ਜਾ ਰਹੀ ਹੈ। ਇਸ ਰੈਸਤਰਾਂ ਦੀ ਰੇਟਿੰਗ 4/5 ਹੈ।


author

Baljit Singh

Content Editor

Related News