ਚੀਨੀ ਵਿਗਿਆਨੀਆਂ ਨੇ ਬਣਾਇਆ ‘ਸੁਪਰ ਗਾਂ’ ਦਾ ਕਲੋਨ, ਹਰ ਸਾਲ 18,000 ਲਿਟਰ ਦੇਵੇਗੀ ਦੁੱਧ

Tuesday, Jan 30, 2024 - 02:16 PM (IST)

ਚੀਨੀ ਵਿਗਿਆਨੀਆਂ ਨੇ ਬਣਾਇਆ ‘ਸੁਪਰ ਗਾਂ’ ਦਾ ਕਲੋਨ, ਹਰ ਸਾਲ 18,000 ਲਿਟਰ ਦੇਵੇਗੀ ਦੁੱਧ

ਪੇਈਚਿੰਗ- ਚੀਨੀ ਵਿਗਿਆਨੀਆਂ ਨੇ 3 ‘ਸੁਪਰ ਗਾਵਾਂ’ ਦਾ ਕਲੋਨ ਤਿਆਰ ਕੀਤਾ ਹੈ, ਜੋ ਹਰ ਸਾਲ 18,000 ਲਿਟਰ ਦੁੱਧ ਅਤੇ ਆਪਣੇ ਜੀਵਨਕਾਲ ’ਚ 1,00,000 ਲਿਟਰ ਤੋਂ ਜ਼ਿਆਦਾ ਦੁੱਧ ਦੇਣ ਦੇ ਸਮਰੱਥ ਹੈ। ਪ੍ਰਯੋਗ ’ਚ ਸ਼ਾਮਿਲ ਇਕ ਮਾਹਿਰ ਅਨੁਸਾਰ ਉਤਪਾਦਤ ਦੁੱਧ ਕਲੋਨ ਦੇ ਮੂਲ ਵੱਲੋਂ ਉਤਪਾਦਤ ਦੁੱਧ ਤੋਂ ਵੱਖ ਨਹੀਂ ਹੈ। ਉਨ੍ਹਾਂ ਕਿਹਾ ਕਿ ਇਕ ਵਾਰ ਕਲੋਨ ਕੀਤੀਆਂ ਗਈਆਂ ਵੱਛੜੀਆਂ 2 ਸਾਲ ਦੀਆਂ ਹੋ ਜਾਣ ਤਾਂ ਉਹ ਬਾਜ਼ਾਰ ਲਈ ਦੁੱਧ ਦਾ ਉਤਪਾਦਨ ਸ਼ੁਰੂ ਕਰ ਸਕਦੀਆਂ ਹਨ।
ਜਾਨਵਰਾਂ ਦਾ ਕਲੋਨ ਬਣਾਉਣ ਲਈ ਨਾਰਥਵੈਸਟ ਯੂਨੀਵਰਸਿਟੀ ਆਫ ਐਗਰੀਕਲਚਰਲ ਐਂਡ ਫਾਰੈਸਟ੍ਰੀ ਸਾਈਂਸ ਐਂਡ ਟੈਕਨਾਲੋਜੀ ਦੇ ਵਿਗਿਆਨੀਆਂ ਨੇ ਉਤਪਾਦਕ ਡੱਚ ਹੋਲਸਟੀਨ ਫ੍ਰਿਸੀਆਈ ਸਵੇਸ਼ੀਆਂ ਦੇ ਕੰਨਾਂ ਤੋਂ ਸੋਮੈਟਿਕ ਸੈੱਲ ਲਏ ਅਤੇ ਉਨ੍ਹਾਂ ਨੂੰ ਸਰੋਗੇਟ ਗਾਵਾਂ ’ਚ ਪਾ ਦਿੱਤਾ। ਤਕਨੀਕ, ਜਿਸ ਨੂੰ ‘ਸੋਮੈਟਿਕ ਸੈੱਲ ਨਿਊਕਲੀਅਰ ਟਰਾਂਸਫਰ’ ਦੇ ਰੂਪ ’ਚ ਜਾਣਿਆ ਜਾਂਦਾ ਹੈ, ਦਾ ਉਪਯੋਗ 1996 ’ਚ ਡਾਲੀ ਭੇਡ ਨੂੰ ਬਣਾਉਣ ਲਈ ਕੀਤਾ ਗਿਆ ਸੀ, ਜੋ ਵਿਸ਼ਵ ਦਾ ਪਹਿਲਾ ਕਲੋਨ ਥਣਧਾਰੀ ਸੀ।
ਪਹਿਲੀ ਵੱਛੜੀ 30 ਦਸੰਬਰ ਨੂੰ ਸਿਜ਼ੇਰੀਅਨ ਪੈਦਾ ਹੋਈ ਸੀ। ਇਸ ਦਾ ਵਜ਼ਨ 56.7 ਕਿਲੋਗ੍ਰਾਮ ਸੀ। ਇਸ ਦਾ ਆਕਾਰ ਅਤੇ ਸਰੂਪ ਉਸੇ ਗਾਂ ਵਰਗਾ ਸੀ, ਜਿਸ ਨਾਲ ਇਸ ਕਲੋਨ ਨੂੰ ਕੀਤਾ ਗਿਆ ਸੀ। ਇਸ ਦੀ ਤੁਲਨਾ ਵਿਚ ਅਮਰੀਕੀ ਖੇਤੀਬਾੜੀ ਵਿਭਾਗ ਦੇ ਅੰਕੜਿਆਂ ਅਨੁਸਾਰ ਅਮਰੀਕਾ ’ਚ ਔਸਤ ਗਾਂ ਸਾਲਾਨਾ ਲਗਭਗ 12,000 ਲਿਟਰ ਦੁੱਧ ਪੈਦਾ ਕਰਦੀ ਹੈ।

 

 


author

Aarti dhillon

Content Editor

Related News