ਨਿਊਜ਼ੀਲੈਂਡ ਦੇ ਨੇੜੇ ਡਿੱਗ ਸਕਦੈ ਚੀਨ ਦਾ ਬੇਕਾਬੂ ਰਾਕੇਟ, ਅਗਲੇ 12 ਘੰਟੇ ਬਹੁਤ ਅਹਿਮ

Sunday, May 09, 2021 - 10:27 AM (IST)

ਨਿਊਜ਼ੀਲੈਂਡ ਦੇ ਨੇੜੇ ਡਿੱਗ ਸਕਦੈ ਚੀਨ ਦਾ ਬੇਕਾਬੂ ਰਾਕੇਟ, ਅਗਲੇ 12 ਘੰਟੇ ਬਹੁਤ ਅਹਿਮ

ਬੀਜਿੰਗ (ਬਿਊਰੋ): ਧਰਤੀ 'ਤੇ ਕੋਰੋਨਾ ਮਹਾਮਾਰੀ ਦੇ ਵੱਧਦੇ ਮਾਮਲਿਆਂ ਵਿਚਕਾਰ ਚੀਨ ਦੇ ਬੇਕਾਬੂ ਰਾਕੇਟ ਦੇ ਡਿੱਗਣ ਦਾ ਖਤਰਾ ਵੀ ਵੱਧ ਗਿਆ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅਗਲੇ 12 ਘੰਟੇ ਵਿਚ ਚੀਨ ਦਾ ਇਹ ਰਾਕੇਟ ਧਰਤੀ 'ਤੇ ਕ੍ਰੈਸ਼ ਹੋ ਸਕਦਾ ਹੈ। ਇੱਥੇ ਦੱਸ ਦਈਏ ਕਿ ਚੀਨ ਦਾ ਇਸ ਰਾਕੇਟ ਤੋਂ ਕੰਟਰੋਲ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ। ਰਾਕੇਟ ਜਿੰਨੀ ਤੇਜ਼ੀ ਨਾਲ ਅਤੇ ਜਿਹੜੀ ਦਿਸ਼ਾ ਵੱਲ ਵੱਧ ਰਿਹਾ ਹੈ ਉਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਨਿਊਜ਼ੀਲੈਂਡ ਦੇ ਨੇੜੇ ਕਿਤੇ ਵੀ ਡਿੱਗ ਸਕਦਾ ਹੈ। ਵਿਗਿਆਨੀਆਂ ਮੁਤਾਬਕ ਹਾਲੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਰਾਕੇਟ ਆਬਾਦੀ ਵਾਲੀ ਜਗ੍ਹਾ 'ਤੇ ਡਿੱਗੇਗਾ ਜਾਂ ਸਮੁੰਦਰ ਵਿਚ।

ਪਹਿਲਾਂ ਵੀ ਵਾਪਰ ਚੁੱਕੀ ਅਜਿਹੀ ਘਟਨਾ
ਇੱਥੇ ਦੱਸ ਦਈਏ ਕਿ ਚੀਨ ਦਾ ਇਹ ਰਾਕੇਟ ਕਰੀਬ 100 ਫੁੱਟ ਲੰਬਾ ਹੈ ਅਤੇ ਇਸ ਦਾ ਵਜ਼ਨ 21 ਟਨ ਦੇ ਕਰੀਬ ਹੈ। ਪਿਛਲੇ ਸਾਲ ਵੀ ਅਜਿਹੀ ਹੀ ਘਟਨਾ ਸਾਹਮਣੇ ਆਈ ਸੀ ਜਿਸ ਵਿਚ ਮਈ ਦੇ ਮਹੀਨੇ ਚੀਨ ਦਾ ਇਕ ਰਾਕੇਟ ਪੱਛਮੀ ਅਫਰੀਕਾ ਅਤੇ ਅਟਲਾਂਟਿਕ ਮਹਾਸਾਗਰ ਵਿਚ ਡਿੱਗਿਆ ਸੀ। ਉਸ ਸਮੇਂ ਚੀਨ ਦੇ ਇਸ ਰਾਕੇਟ ਨੇ ਪੱਛਮੀ ਅਫਰੀਕਾ ਦੇ ਇਕ ਪਿੰਡ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਸੀ। ਇਸ ਘਟਨਾ ਵਿਚ ਸਭ ਤੋਂ ਚੰਗੀ ਗੱਲ ਇਹ ਸੀ ਕਿ ਇਸ ਪਿੰਡ ਵਿਚ ਕੋਈ ਨਹੀਂ ਰਹਿੰਦਾ ਸੀ।

ਪੜ੍ਹੋ ਇਹ ਅਹਿਮ ਖਬਰ- ਦੁਨੀਆ ਦੇ ਇਸ ਦੇਸ਼ 'ਚ ਸਭ ਤੋਂ ਵੱਧ ਟੀਕਾਕਰਨ, ਫਿਰ ਵੀ ਕੋਰੋਨਾ ਮਾਮਲੇ ਭਾਰਤ ਨਾਲੋਂ ਵੱਧ

ਮਾਹਰਾਂ ਦੀ ਰਾਏ
ਮਾਹਰਾਂ ਦਾ ਮੰਨਣਾ ਹੈ ਕਿ ਲੋਂਗ ਮਾਰਚ 5ਬੀ ਵਾਈ2 ਨਾਮ ਦਾ ਇਹ ਚੀਨੀ ਰਾਕੇਟ 4 ਮੀਲ ਪ੍ਰਤੀ ਘੰਟੇ ਦੀ ਗਤੀ ਨਾਲ ਹੇਠਾਂ ਡਿੱਗ ਰਿਹਾ ਹੈ। ਇਸ ਦੇ ਟੁੱਕੜੇ ਕਿਤੇ ਵੀ ਡਿੱਗ ਸਕਦੇ ਹਨ। ਹੋ ਸਕਦਾ ਹੈ ਕਿ ਇਹ ਸੰਘਣੀ ਆਬਾਦੀ ਵਾਲੀ ਜਗ੍ਹਾ 'ਤੇ ਡਿੱਗਣ ਜਾਂ ਅਜਿਹਾ ਵੀ ਹੋ ਸਕਦਾ ਹੈ ਕਿ ਇਹ ਕਿਸੇ ਖਾਲੀ ਜਗ੍ਹਾ 'ਤੇ ਡਿੱਗਣ। ਮਾਹਰ ਲਗਾਤਾਰ ਇਸ 'ਤੇ ਨਜ਼ਰ ਬਣਾਏ ਹੋਏ ਹਨ। ਚੀਨ ਨੇ ਲੌਂਗ ਮਾਰਚ 5B Y2 ਨੂੰ 29 ਅਪ੍ਰੈਲ ਨੂੰ ਲਾਂਚ ਕੀਤਾ ਸੀ। ਇਸ ਦੇ ਜ਼ਰੀਏ ਚੀਨ ਸਪੇਸ ਵਿਚ ਨਵਾਂ ਸਪੇਸ ਸਟੇਸ਼ਨ ਬਣਾਉਣਾ ਚਾਹੁੰਦਾ ਸੀ। ਇਹ ਧਰਤੀ 'ਤੇ 170 ਕਿਲੋਮੀਟਰ ਤੋਂ 372 ਕਿਲੋਮੀਟਰ ਦੀ ਉੱਚਾਈ ਵਿਚਕਾਰ ਤੈਰ ਰਿਹਾ ਹੈ।

ਇਹ ਸੀ ਚੀਨ ਦੀ ਯੋਜਨਾ
ਚੀਨ ਨੇ ਯੋਜਨਾ ਬਣਾਈ ਸੀ ਕਿ ਇਸ ਰਾਕੇਟ ਜ਼ਰੀਏ ਸਪੇਸ ਵਿਚ Tiangon ਨਾਮ ਦਾ ਚੀਨੀ ਸਪੇਸ ਸਟੇਸ਼ਨ ਬਣਾਇਆ ਜਾਵੇਗਾ, ਜੋ 2022 ਤੱਕ ਪੂਰਾ ਹੋ ਜਾਵੇਗਾ। ਇਸ ਮਗਰੋਂ ਉਹ ਸਪੇਸ ਸਟੇਸ਼ਨ ਧਰਤੀ ਦੇ ਚੱਕਰ ਲਗਾ ਕੇ ਧਰਤੀ ਦੀ ਜਾਣਕਾਰੀ ਸਪੇਸ ਤੋਂ ਦੇਵੇਗਾ। ਹੁਣ ਖ਼ਬਰ ਹੈ ਕਿ ਇਹ ਰਾਕੇਟ ਆਪਣਾ ਕੰਟਰੋਲ ਗਵਾ ਚੁੱਕਾ ਹੈ ਅਤੇ ਇਸ ਦੇ ਮਲਬੇ ਕਈ ਦੇਸ਼ਾਂ 'ਤੇ ਡਿੱਗ ਕੇ ਤਬਾਹੀ ਮਚਾ ਸਕਦੇ ਹਨ। ਮਾਹਰਾਂ ਮੁਤਾਬਕ ਚੀਨ ਨੂੰ ਵੀ ਇਸ ਦੀ ਜਾਣਕਾਰੀ ਹੈ ਪਰ ਹੁਣ ਤਕ ਉਸ ਨੇ ਇਸ ਸੰਬੰਧੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਹੈ।

ਨੋਟ- ਨਿਊਜ਼ੀਲੈਂਡ ਦੇ ਨੇੜੇ ਡਿੱਗ ਸਕਦੈ ਚੀਨ ਦਾ ਬੇਕਾਬੂ ਰਾਕੇਟ, ਅਗਲੇ 12 ਘੰਟੇ ਬਹੁਤ ਅਹਿਮ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News