ਚੀਨੀ ਨਾਗਰਿਕ ਨੇ US 'ਚ 'ਬਰਥ ਟੂਰਿਜ਼ਮ' ਯੋਜਨਾ ਚਲਾਉਣ ਦਾ ਦੋਸ਼ ਮੰਨਿਆ

09/18/2019 1:17:24 PM

ਲਾਸ ਏਂਜਲਸ— ਇਕ ਚੀਨੀ ਨਾਗਰਿਕ ਨੇ ਚੀਨੀ ਗਾਹਕਾਂ ਲਈ ਕੈਲੀਫੋਰਨੀਆ 'ਚ 'ਬਰਥ ਟੂਰਿਜ਼ਮ ਯੋਜਨਾ' ਚਲਾਉਣ ਦੇ ਸੰਘੀ ਦੋਸ਼ ਨੂੰ ਸਵਿਕਾਰ ਕੀਤਾ ਹੈ। ਦੋਂਗਯੁਆਨ ਲੀ (41) ਨੇ ਸਵਿਕਾਰ ਕੀਤਾ ਕਿ 2013 ਤੋਂ ਮਾਰਚ 2015 ਤਕ ਉਸ ਦੀ ਕੰਪਨੀ 'ਯੂ ਵਿਨ ਯੂ. ਐੱਸ. ਏ. ਵੈਕੇਸ਼ਨ ਸਰਵਸਿਜ਼' ਨੇ ਗਰਭਵਤੀ ਚੀਨੀ ਔਰਤਾਂ ਨੂੰ ਅਮਰੀਕਾ ਆਉਣ ਅਤੇ ਬੱਚੇ ਨੂੰ ਜਨਮ ਦੇਣ 'ਚ ਮਦਦ ਮੁਹੱਈਆ ਕਰਵਾਈ। ਕੰਪਨੀ ਦੇ ਚੀਨੀ ਗਾਹਕਾਂ 'ਚ ਕਈ ਸਰਕਾਰੀ ਅਧਿਕਾਰੀ ਵੀ ਸ਼ਾਮਲ ਹਨ ਜਿਨ੍ਹਾਂ ਨੇ ਵੱਡੀ ਰਕਮ ਦਿੱਤੀ ਤਾਂ ਕਿ ਉਨ੍ਹਾਂ ਦੇ ਬੱਚਿਆਂ ਨੂੰ ਅਮਰੀਕੀ ਨਾਗਰਿਕਤਾ ਮਿਲ ਸਕੇ।

ਅਧਿਕਾਰੀਆਂ ਨੇ ਦੱਸਿਆ ਕਿ ਲੀ ਨੇ ਸੇਵਾਵਾਂ ਲਈ ਗਾਹਕਾਂ ਤੋਂ 40 ਹਜ਼ਾਰ ਤੋਂ 80 ਹਜ਼ਾਰ ਡਾਲਰ ਦੀ ਰਾਸ਼ੀ ਲਈ। 'ਬਰਥ ਟੂਰਿਜ਼ਮ' ਯੋਜਨਾ ਸਬੰਧੀ ਲੀ ਅਤੇ 19 ਹੋਰ ਲੋਕਾਂ ਖਿਲਾਫ ਦਰਜ ਦੋਸ਼ਾਂ ਮੁਤਾਬਕ ਗਾਹਕਾਂ ਨੂੰ ਇਸ ਗੱਲ ਦੀ ਟਰੇਨਿੰਗ ਦਿੱਤੀ ਜਾਂਦੀ ਸੀ ਕਿ ਉਨ੍ਹਾਂ ਨੇ ਅਮਰੀਕੀ ਵੀਜ਼ਾ ਕੰਟਰੋਲ ਤੋਂ ਕਿਵੇਂ ਬਚਣਾ ਹੈ ਅਤੇ ਗਰਭਵਤੀ ਹੋਣ ਦੀ ਗੱਲ ਨੂੰ ਕਿਵੇਂ ਛੁਪਾਉਣਾ ਹੈ। ਇਸ ਮਾਮਲੇ 'ਚ ਲੀ ਨੂੰ 15 ਸਾਲ ਦੀ ਸਜ਼ਾ ਹੋ ਸਕਦੀ ਹੈ। ਅਦਾਲਤ ਸਜ਼ਾ ਦੇ ਸਬੰਧ 'ਚ 16 ਦਸੰਬਰ ਨੂੰ ਫੈਸਲਾ ਸੁਣਾਵੇਗੀ। ਵੱਖ-ਵੱਖ ਦੇਸ਼ਾਂ ਦੀਆਂ ਹਜ਼ਾਰਾਂ ਗਰਭਵਤੀ ਔਰਤਾਂ ਵੈਲਿਡ ਵੀਜ਼ੇ 'ਤੇ ਹਰ ਸਾਲ ਅਮਰੀਕਾ 'ਚ ਦਾਖਲ ਹੁੰਦੀਆਂ ਹਨ ਤੇ ਬੱਚਿਆਂ ਨੂੰ ਜਨਮ ਦਿੰਦੀਆਂ ਹਨ। ਜਿਸ ਦੇ ਬਾਅਦ ਬੱਚਾ ਕਾਨੂੰਨੀ ਰੂਪ ਨਾਲ ਅਮਰੀਕਾ ਦਾ ਨਾਗਰਿਕ ਬਣ ਜਾਂਦਾ ਹੈ। ਜੇਕਰ ਮਾਂ ਆਪਣੀ ਵੀਜ਼ਾ ਅਪੀਲ 'ਚ ਝੂਠ ਨਹੀਂ ਬੋਲਦੀ ਅਤੇ ਮੈਡੀਕਲ ਸੇਵਾ ਲਈ ਭੁਗਤਾਨ ਕਰ ਸਕਦੀ ਹੈ ਤਾਂ ਇਹ ਪ੍ਰਕਿਰਿਆ ਵੈਲਿਡ ਹੈ। ਟਰੰਪ ਪ੍ਰਸ਼ਾਸਨ ਨੇ ਇਸ ਪ੍ਰਕਿਰਿਆ ਦੀ ਨਿੰਦਾ ਕੀਤੀ ਹੈ ਤੇ ਜਨਮਜਾਤ ਨਾਗਰਿਕਤਾ ਰੱਦ ਕਰਨ ਦਾ ਵਿਚਾਰ ਰੱਖਿਆ ਹੈ।


Related News