ਚੀਨ ਵਲੋਂ ਘੁਸਪੈਠ, ਅਮਰੀਕਾ ਨੇ ਜਾਪਾਨ ਦਾ ਸਾਥ ਦੇਣ ਦਾ ਕੀਤਾ ਵਾਅਦਾ
Sunday, Aug 02, 2020 - 02:03 PM (IST)
ਟੋਕੀਓ- ਜਾਪਾਨ ਦੀ ਸਮੁੰਦਰੀ ਸਰਹੱਦ ਵਿਚ ਹੋ ਰਹੀ ਚੀਨ ਦੀ ਘੁਸਪੈਠ ਰੋਕਣ ਲਈ ਅਮਰੀਕਾ ਪੂਰੀ ਤਰ੍ਹਾਂ ਜਾਪਾਨ ਦੀ ਮਦਦ ਕਰੇਗਾ, ਇਹ ਵਾਅਦਾ ਜਾਪਾਨ ਵਿਚ ਸਥਿਤ ਅਮਰੀਕੀ ਫੋਰਸ ਦੇ ਮੁਖੀ ਲੈਫਟੀਨੈਂਟ ਜਨਰਲ ਕੇਵਿਨ ਸ਼ਨਾਇਡਰ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ 365 ਦਿਨ, 24 ਘੰਟੇ ਤੇ ਹਫਤੇ 7 ਦਿਨ ਹਮੇਸ਼ਾ ਹੀ ਮਦਦ ਲਈ ਤਿਆਰ ਰਹਾਂਗੇ। ਬੀਤੇ ਸਾਲ ਤੋਂ ਚੀਨ ਦੇ ਜਹਾਜ਼ਾਂ ਰਾਹੀਂ ਈਸਟ ਚਾਈਨਾ ਸੀ ਦੇ ਖੇਤਰ ਵਿਚ ਘੁਸਪੈਠ ਹੋ ਰਹੀ ਹੈ। ਚੀਨ ਦੀਆਂ ਅਜਿਹੀਆਂ ਹਰਕਤਾਂ ਨੂੰ ਦੇਖੀਏ ਤਾਂ ਇਨ੍ਹਾਂ ਦੀ ਤੀਬਰਤਾ ਆਉਣ ਵਾਲੇ ਦਿਨਾਂ ਵਿਚ ਵਧੇਰੇ ਵਧਣ ਦੇ ਸੰਕੇਤ ਪ੍ਰਾਪਤ ਹੋ ਰਹੇ ਹਨ। ਇਸ 'ਤੇ ਅਮਰੀਕਾ ਨੇ ਤੇਜ਼ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਹਨ।
ਕੋਰੋਨਾ ਵਾਇਰਸ ਕਾਰਨ ਪੂਰੇ ਵਿਸ਼ਵ ਵਿਚ ਬੇਇੱਜ਼ਤ ਹੋਇਆ ਚੀਨ ਕਿਸੇ ਨਾ ਕਿਸੇ ਵਿਵਾਦ ਨੂੰ ਪੈਦਾ ਕਰ ਰਿਹਾ ਹੈ। ਉਹ ਆਪਣੇ ਦੇਸ਼ ਦਾ ਵਿਸਥਾਰ ਕਰਨ ਵਿਚ ਲਗਾਤਾਰ ਨਾਜਾਇਜ਼ ਕੋਸ਼ਿਸ਼ਾਂ ਕਰ ਰਿਹਾ ਹੈ। ਇਸ ਲਈ ਚੀਨ ਨੇ ਵੱਖ-ਵੱਖ ਹਿੱਸਿਆਂ ਵਿਚ ਫੌਜ ਦੀ ਤਾਇਨਾਤੀ ਕਰ ਦਿੱਤੀ ਹੈ। ਜਾਪਾਨ ਦੇ ਨੇੜੇ ਈਸਟ ਚਾਈਨਾ ਸੀ ਖੇਤਰ ਵਿਚ ਚੀਨ ਲਗਾਤਾਰ ਆਪਣੇ ਸਮੁੰਦਰੀ ਜਹਾਜ਼, ਲੜਾਕੂ ਜਹਾਜ਼, ਪਣਡੁੱਬੀਆਂ ਤੇ ਗਸ਼ਤੀ ਵਾਲੀਆਂ ਕਿਸ਼ਤੀਆਂ ਨਾਲ ਘੁਸਪੈਠ ਕਰ ਰਿਹਾ ਹੈ।
ਪਿਛਲੇ ਮਹੀਨੇ ਜਾਪਾਨ ਦੇ ਓਸ਼ੀਮਾ ਆਈਲੈਂਡ ਨੇੜੇ ਚੀਨ ਦੀਆਂ ਪਣਡੁੱਬੀਆਂ ਦੀ ਮੌਜੂਦਗੀ ਦੇਖੀ ਗਈ ਸੀ। ਜਾਪਾਨੀ ਮੀਡੀਆ ਮੁਤਾਬਕ ਪਿਛਲੇ 3 ਮਹੀਨਿਆਂ ਤੋਂ ਜਾਪਾਨ ਦੇ ਈਸਟ ਚਾਈਨਾ ਸੀ ਦੀ ਸਰਹੱਦ ਵਿਚ ਚੀਨ ਘੁਸਪੈਠ ਕਰ ਰਿਹਾ ਹੈ। ਇਸ ਤੋਂ ਪਹਿਲਾਂ ਚੀਨ ਦੇ ਸਮੁੰਦਰੀ ਬੇੜੇ ਘੁਸਪੈਠ ਕਰਨ ਦੇ ਕੁਝ ਘੰਟਿਆਂ ਬਾਅਦ ਵਾਪਸ ਚਲੇ ਜਾਂਦੇ ਸਨ। ਪਰ ਹੁਣ ਚੀਨ ਇਸ ਖੇਤਰ ਵਿਚ ਜਾਣ-ਬੁੱਝ ਕੇ ਘੁਸਪੈਠ ਤੇਜ਼ ਕਰ ਰਿਹਾ ਹੈ।
ਮਾਰਚ 2019 ਤੋਂ 2020 ਤਕ ਚੀਨ ਨੇ ਲੜਾਕੂ ਤੇ ਗਸ਼ਤੀ ਜਹਾਜ਼ਾਂ ਨੇ 900 ਤੋਂ ਵੀ ਜ਼ਿਆਦਾ ਵਾਰ ਜਾਪਾਨ ਦੀ ਸਰਹੱਦ ਵਿਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਸੀ, ਇਹ ਜਾਣਕਾਰੀ ਜਾਪਾਨੀ ਫੌਜ ਨੇ ਸਾਂਝੀ ਕੀਤੀ ਸੀ।