2000 ਕਰੋੜ ਰੁਪਏ ਦੀ ਰਿਸ਼ਵਤ ਲੈਣ ਵਾਲੇ ਬੈਂਕਰ ਨੂੰ ਚੀਨ ਨੇ ਦਿੱਤੀ ਮੌਤ ਦੀ ਸਜ਼ਾ
Sunday, Jan 31, 2021 - 05:58 PM (IST)
ਬੀਜਿੰਗ (ਬਿਊਰੋ): ਚੀਨ ਨੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਹੁਆਰੋਂਗ ਏਸੇਟ ਮੈਨੇਜਮੈਂਟ ਕੰਪਨੀ ਦੇ ਸਾਬਕਾ ਚੇਅਰਮੈਨ ਲਾਈ ਸ਼ੀਆਓਮਿਨ ਨੂੰ ਮੌਤ ਦੀ ਸਜ਼ਾ ਦਿੱਤੀ ਹੈ। ਇਹ ਬੈਂਕਰ ਸ਼ੀ ਜਿਨਪਿੰਗ ਦੀ ਕਮਿਊਨਿਸਟ ਪਾਰਟੀ ਆਫ ਚਾਈਨਾ ਦਾ ਕਿਰਿਆਸ਼ੀਲ ਮੈਂਬਰ ਵੀ ਸੀ। ਇਸ ਦੇ ਬਾਵਜੂਦ ਨਿਆਂਪਾਲਿਕਾ ਨੇ ਦੇਸ਼ ਤੋਂ ਭ੍ਰਿਸ਼ਟਾਚਾਰ ਮਿਟਾਉਣ ਅਤੇ ਲੋਕਾਂ ਵਿਚ ਰਿਸ਼ਵਤ ਖੋਰੀ ਨੂੰ ਲੈ ਕੇ ਦਹਿਸ਼ਤ ਪੈਦਾ ਕਰਨ ਲਈ ਇਸ ਬੈਂਕਰ ਨੂੰ ਮੌਤ ਦਿੱਤੀ ਹੈ। ਜਾਂਚ ਦੌਰਾਨ ਸ਼ੀਆਓਮਿਨ ਦੇ ਬੀਜਿੰਗ ਸਥਿਤ ਅਪਾਰਟਮੈਂਟ ਵਿਚੋਂ ਭਾਰੀ ਮਾਤਰਾ ਵਿਚ ਪੈਸੇ ਬਰਾਮਦ ਹੋਏ ਸਨ।
ਮੌਤ ਦੇ ਤਰੀਕੇ ਦਾ ਖੁਲਾਸਾ ਨਹੀਂ
ਸ਼ੀਆਓਮਿਨ ਨੂੰ ਚੀਨੀ ਕੋਰਟ ਨੇ 5 ਜਨਵਰੀ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਜਿਸ ਮਗਰੋਂ 29 ਜਨਵਰੀ ਨੂੰ ਉਹਨਾਂ ਨੂੰ ਮੌਤ ਦਿੱਤੀ ਗਈ। ਚੀਨੀ ਮੀਡੀਆ ਨੇ ਹੁਣ ਤੱਕ ਇਹ ਨਹੀਂ ਦੱਸਿਆ ਹੈ ਕਿ ਇਸ ਬੈਂਕਰ ਨੂੰ ਮੌਤ ਦੇਣ ਲਈ ਕਿਹੜੇ ਤਰੀਕੇ ਦੀ ਵਰਤੋਂ ਕੀਤੀ ਗਈ। ਚੀਨ ਵਿਚ ਮੌਤ ਦੀ ਸਜ਼ਾ ਦੇਣ ਲਈ ਅਧਿਕਾਰਤ ਤੌਰ 'ਤੇ ਫਾਂਸੀ ਜਾਂ ਜ਼ਹਿਰ ਵਾਲਾ ਟੀਕਾ ਲਗਾਇਆ ਜਾਂਦਾ ਹੈ।
2026 ਕਰੋੜ ਰੁਪਏ ਦੀ ਰਿਸ਼ਵਤਖੋਰੀ ਦਾ ਮਾਮਲਾ
ਚੀਨ ਦੇ ਇਸ ਬੈਂਕਰ 'ਤੇ 2008 ਤੋਂ ਲੈ ਕੇ 2018 ਵਿਚ ਲੱਗਭਗ 2026 ਕਰੋੜ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ ਲਗਾਇਆ ਗਿਆ ਸੀ। ਲੰਬੀ ਸੁਣਵਾਈ ਮਗਰੋਂ ਚੀਨ ਦੀ ਤਿਆਨਜਿਨ ਪੀਪਲਜ਼ ਕੋਰਟ ਨੇ 5 ਜਨਵਰੀ ਨੂੰ ਬੈਂਕਰ ਨੂੰ ਦੋਸ਼ੀ ਮੰਨਦੇ ਹੋਏ ਮੌਤ ਦੀ ਸਜ਼ਾ ਦਾ ਐਲਾਨ ਕੀਤਾ ਸੀ। ਜਿਸ ਮਗਰੋਂ ਚੀਨ ਦੀ ਸੁਪਰੀਮ ਕੋਰਟ ਨੇ ਵੀ ਸ਼ੀਆਓਮਿਨ ਦੀ ਫਾਂਸੀ ਦੀ ਸਜ਼ਾ ਨੂੰ ਰੀਵੀਊ ਕੀਤਾ ਪਰ ਸਬੂਤਾਂ ਦੀ ਕਮੀ ਨੂੰ ਦੇਖਦੇ ਹੋਏ ਬੈਂਕਰ ਦੀ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ।
ਇਕ ਤੋਂ ਜ਼ਿਆਦਾ ਵਿਆਹ ਕਰਨ ਦਾ ਦੋਸ਼
ਇਸ ਬੈਂਕਰ ਨੇ ਆਪਣੀ ਪਹਿਲੀ ਪਤਨੀ ਅਤੇ ਬੱਚਿਆਂ ਨੂੰ ਛੱਡ ਕੇ ਨਵਾਂ ਪਰਿਵਾਰ ਬਣਾਇਆ ਸੀ। ਜਿਸ ਮਗਰੋਂ ਕੋਰਟ ਨੇ ਇਸ ਮਾਮਲੇ 'ਤੇ ਵੀ ਫ਼ੈਸਲਾ ਸੁਣਾਉਂਦੇ ਹੋਏ ਕਿਸੇ ਹੋਰ ਬੀਬੀ ਨਾਲ ਰਹਿਣ ਦਾ ਦੋਸ਼ੀ ਪਾਇਆ ਸੀ। ਕੋਰਟ ਨੇ ਦੋਹਾਂ ਮਾਮਲਿਆਂ ਵਿਚ ਉਸ ਨੂੰ ਦੋਸ਼ੀ ਮੰਨਦੇ ਹੋਏ ਨਾ ਸਿਰਫ ਉਸ ਦੀਆਂ ਸਾਰੀਆਂ ਜਾਇਦਾਦਾਂ ਨੂੰ ਸੀਜ਼ ਕਰ ਦਿੱਤਾ ਸਗੋਂ ਉਸ ਦੇ ਸਾਰੇ ਰਾਜਨੀਤਕ ਅਧਿਕਾਰਾਂ ਨੂੰ ਵੀ ਖਤਮ ਕਰ ਦਿੱਤਾ ਸੀ।
ਇਕ ਹੋਰ ਬੈਂਕਰ ਨੂੰ ਦਿੱਤੀ ਉਮਰਕੈਦ ਦੀ ਸਜ਼ਾ
ਚੀਨ ਨੇ ਇਸੇ ਸਾਲ ਜਨਵਰੀ ਦੇ ਸ਼ੁਰੂਆਤ ਵਿਚ ਇਕ ਪ੍ਰਮੁੱਖ ਸਰਕਾਰੀ ਬੈਂਕ ਦੇ ਸਾਬਕਾ ਪ੍ਰਮੁੱਖ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਉਮਰਕੈਦ ਦੀ ਸਜ਼ਾ ਸੁਣਾਈ ਸੀ। ਚੇਂਗਦੇ ਦੀ ਕੋਰਟ ਨੇ ਹੁ ਹੁਆਏਬਾਂਗ ਨਾਮ ਦੇ ਇਕ ਸਾਬਕਾ ਬੈਂਕ ਅਧਿਕਾਰੀ ਨੂੰ 2009 ਤੋਂ 2019 ਵਿਚਕਾਰ 8.55 ਕਰੋੜ ਯੁਆਨ (ਕਰੀਬ 97 ਕਰੋੜ ਰੁਪਏ) ਰਿਸ਼ਵਚ ਲੈਣ ਦਾ ਦੋਸ਼ੀ ਠਹਿਰਾਇਆ ਸੀ। ਹੁ ਕਰਜ਼ ਦੇਣ ਵਾਲੇ ਦੁਨਆ ਦੇ ਸਭ ਤੋਂ ਅਮੀਰ ਬੈਂਕਾਂ ਵਿਚੋਂ ਇਕ ਚੀਨ ਵਿਕਾਸ ਬੈਂਕ ਵਿਚ ਕਮਿਊਨਿਸਟ ਪਾਰਟੀ ਦਾ ਸਕੱਤਰ ਵੀ ਸੀ।