ਪਾਕਿਸਤਾਨ ਦੇ ਕਬਜ਼ੇ ਵਾਲੇ ਗਿਲਗਿਤ-ਬਾਲਟਿਸਤਾਨ ’ਚ ਫੌਜੀ ਚੌਕੀਆਂ ਸਥਾਪਿਤ ਕਰਨਾ ਚਾਹੁੰਦਾ ਹੈ ਚੀਨ
Sunday, Sep 11, 2022 - 10:49 AM (IST)
ਇੰਟਰਨੈਸ਼ਨਲ ਡੈਸਕ (ਬਿਊਰੋ)- ਚੀਨ-ਪਾਕਿਸਤਾਨ-ਆਰਥਿਕ ਗਲਿਆਰਾ (ਸੀ. ਪੀ. ਈ. ਸੀ.) ਦੀ ਆੜ ’ਚ ਚੀਨ ਦੀ ਨਜ਼ਰ ਇਸ ਸਮੇਂ ਪਾਕਿਸਤਾਨ ਦੇ ਕਬਜ਼ੇ ਵਾਲੇ ਗਿਲਗਿਤ-ਬਾਲਟਿਸਤਾਨ (ਪੀ. ਓ. ਜੀ. ਬੀ.) ’ਤੇ ਹੈ।ਇਹ ਇਲਾਕਾ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਦੇ ਨਾਲ ਲੱਗਾ ਹੋਇਆ ਹੈ ਅਤੇ ਆਪਣੀ ਭੂਗੌਲਿਕ ਸਥਿਤੀ ਕਾਰਨ ਭਾਰਤ ਲਈ ਰਣਨੀਤਕ ਤੌਰ ’ਤੇ ਬਹੁਤ ਮਹੱਤਵਪੂਰਨ ਹੈ। ਇਸ ਦੇ ਪੱਛਮ ’ਚ ਪਾਕਿਸਤਾਨ ਦਾ ਖੈਬਰ ਪਖਤੂਨਖਵਾ ਸੂਬਾ, ਉੱਤਰ ’ਚ ਚੀਨ ਅਤੇ ਅਫਗਾਨਿਸਤਾਨ ਅਤੇ ਪੂਰਬ ’ਚ ਭਾਰਤ ਹੈ ਜਿਸ ’ਚ ਦੁਨੀਆ ਦਾ ਸਭ ਤੋਂ ਉੱਚਾ ਜੰਗ ਦਾ ਮੈਦਾਨ ਅਤੇ ਇਲਾਕੇ ’ਚ ਰਣਨੀਤਕ ਤੌਰ ’ਤੇ ਮਹੱਤਵਪੂਰਨ ਸਿਆਚਿਨ ਵੀ ਸ਼ਾਮਲ ਹੈ।
ਭਾਰਤ ਕਈ ਵਾਰ ਦਰਜ ਕਰਵਾ ਚੁੱਕੈ ਵਿਰੋਧ
ਭਾਰਤ ਇਸ ਵਿਵਾਦਿਤ ਖੇਤਰ ’ਚੋਂ ਸੀ.ਪੀ.ਈ.ਸੀ. ਦੇ ਪਾਸ ਨੂੰ ਲੈ ਕੇ ਚੀਨ ਦੇ ਸਾਹਮਣੇ ਕਈ ਵਾਰ ਵਿਰੋਧ ਦਰਜ ਕਰਵਾ ਚੁੱਕਾ ਹੈ। ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਦੀ ਸਰਹੱਦ ਨਾਲ ਲੱਗਦੇ ਗਿਲਗਿਤ-ਬਾਲਟਿਸਤਾਨ ਖੇਤਰ ਨੂੰ 5ਵਾਂ ਸੂਬਾ ਐਲਾਨ ਕਰਨ ਦੀ ਪਾਕਿਸਤਾਨ ਦੀ ਕਿਸੇ ਵੀ ਕੋਸ਼ਿਸ਼ ਨੂੰ ਭਾਰਤ ਇਨਕਾਰ ਕਰਦਾ ਹੈ।ਚੀਨ ਇਸ ਸਮੇਂ ਪਾਕਿਸਤਾਨ ਤੋਂ ਸੁਰੱਖਿਆ ਦੇ ਨਾਂ ’ਤੇ ਬਲੋਚਿਸਤਾਨ ’ਚ ਫੌਜੀ ਚੌਕੀਆਂ ਸਥਾਪਿਤ ਕਰਨ ਦੀ ਇਜਾਜ਼ਤ ਮੰਗੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਚੀਨ ਦਾ ਅਗਲਾ ਕਦਮ ਗਿਲਗਿਤ-ਬਾਲਟਿਸਤਾਨ ’ਚ ਫੌਜੀ ਚੌਕੀਆਂ ਸਥਾਪਿਤ ਕਰਨਾ ਹੋਵੇਗਾ, ਜਿਸ ਨਾਲ ਭਾਰਤ ’ਤੇ ਇਕ ਦਬਾਅ ਬਣਾਇਆ ਜਾ ਸਕੇ। ਚੀਨ ਦੀ ਸੀ.ਪੀ.ਈ.ਸੀ. ਯੋਜਨਾ ਅਸਲ ’ਚ ਇਕ ਗੈਰ-ਕਾਨੂੰਨੀ ਆਰਥਿਕ ਕਬਜ਼ਾ ਹੈ, ਜੋ ਭਾਰਤ ਦੇ ਜੰਮੂ-ਕਸ਼ਮੀਰ ਦੇ ਹਿੱਸਿਆਂ ’ਚ ਸਿੱਧੇ ਤੌਰ ’ਤੇ ਦਖਲ ਹੈ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ ਸਰਕਾਰ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ 13 ਮਿਲੀਅਨ ਡਾਲਰ ਦੀ ਰਾਸ਼ੀ ਕੀਤੀ ਜਾਰੀ
ਕੀਮਤੀ ਪੱਥਰਾਂ ਨਾਲ ਭਰਪੂਰ ਹੈ ਇਲਾਕਾ
ਗਿਲਗਿਤ-ਬਾਲਟਿਸਤਾਨ ਕੀਮਤੀ ਪੱਥਰਾਂ ਨਾਲ ਭਰਪੂਰ ਹੈ ਅਤੇ ਇਲਾਕੇ ’ਚ ਸਾਰੇ ਮਾਈਨਿੰਗ ਠੇਕੇ ਪਹਿਲਾਂ ਹੀ ਚੀਨ ਜਾਂ ਉਨ੍ਹਾਂ ਵਲੋਂ ਪ੍ਰਾਯੋਜਿਤ ਨਿੱਜੀ ਠੇਕੇਦਾਰਾਂ ਦੇ ਕੋਲ ਰਹੇ ਹਨ। ਮਾਈਨਿੰਗ ਕਾਰਜਾਂ ਨਾਲ ਇੱਥੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ ਅਤੇ ਪੀ. ਓ. ਜੀ. ਬੀ. ’ਚ ਵਿਰੋਧ ਦੀ ਲਹਿਰ ਤੋਂ ਬਾਅਦ ਗਿਲਗਿਤ-ਬਾਲਟਿਸਤਾਨ ’ਚ ਚੀਨ ਦਾ ਦਖਲ ਵੱਧ ਗਿਆ ਹੈ।ਪਾਕਿਸਤਾਨ ’ਚ ਸੀ.ਪੀ.ਈ.ਸੀ. ਦੇ ਰੂਟ ’ਤੇ 37 ਵਿਸ਼ੇਸ਼ ਆਰਥਿਕ ਇਲਾਕੇ (ਐੱਸ. ਈ. ਜੈੱਡ) ਸਥਾਪਿਤ ਕੀਤੇ ਜਾਣੇ ਹਨ। ਪੀ ਓ.ਜੀ.ਬੀ. ਸਮੇਤ ਸਾਰੇ ਸੂਬਿਆਂ ’ਚ 9 ਪਹਿਲ ਦੇ ਆਧਾਰ ’ਤੇ ਸਥਾਪਿਤ ਕੀਤਾ ਜਾਣਾ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਅਤੇ ਗਿਲਗਿਤ-ਬਾਲਟਿਸਤਾਨ ਦੋਵੇਂ ਵੱਖ-ਵੱਖ ਇਲਾਕੇ ਹਨ, ਜਦਕਿ ਭਾਰਤ ਇਨ੍ਹਾਂ ਨੂੰ ਜੰਮੂ-ਕਸ਼ਮੀਰ ਦਾ ਇਕ ਹਿੱਸਾ ਮੰਨਦਾ ਹੈ।