ਚੀਨ ਨੇ ਕਤਰ ਨਾਲ ਕੀਤਾ ਐੱਲ.ਐੱਨ.ਜੀ. ਖ਼ਰੀਦਣ ਲਈ ਲੰਬੇ ਸਮੇਂ ਦਾ ਸਮਝੌਤਾ
Monday, Nov 21, 2022 - 04:08 PM (IST)

ਦੋਹਾ (ਵਾਰਤਾ)- ਖਾੜੀ ਦੇਸ਼ ਕਤਰ ਨੇ ਇਕ ਚੀਨੀ ਕੰਪਨੀ ਨੂੰ ਪ੍ਰਤੀ ਸਾਲ 40 ਲੱਖ ਟਨ ਤਰਲ ਖਣਿਜ ਗੈਸ (ਐੱਲ.ਐੱਨ.ਜੀ.) ਵੇਚਣ ਦਾ 27 ਸਾਲ ਦਾ ਸਮਝੌਤਾ ਕੀਤਾ ਹੈ। ਸੋਮਵਾਰ ਨੂੰ ਇਸ ਦਾ ਐਲਾਨ ਕਰਦੇ ਹੋਏ ਕਿਹਾ ਗਿਆ ਹੈ ਕਿ ਐੱਲ.ਐੱਨ.ਜੀ. ਬਾਜ਼ਾਰ 'ਚ ਹੁਣ ਤੱਕ ਦਾ ਸਭ ਤੋਂ ਲੰਬੇ ਸਮੇਂ ਦਾ ਸਮਝੌਤਾ ਹੈ। ਇਸ ਤਹਿਤ ਕਤਰ ਦੀ ਕੰਪਨੀ ਕਤਰ ਐਨਰਜੀ ਆਪਣੇ ਨਵੇਂ ਉੱਤਰੀ ਤੇਲ ਖੇਤਰ ਤੋਂ ਚੀਨੀ ਕੰਪਨੀ ਚਾਈਨਾ ਪੈਟਰੋਲੀਅਮ ਐਂਡ ਕੈਮੀਕਲਜ਼ ਕਾਰਪੋਰੇਸ਼ਨ (ਸਿਨੋਪੇਕ) ਨੂੰ ਈਂਧਨ ਦੀ ਸਪਲਾਈ ਕਰੇਗੀ।
ਮੀਡੀਆ ਰਿਪੋਰਟਾਂ ਅਨੁਸਾਰ ਕਤਰ ਦੇ ਪੈਟਰੋਲੀਅਮ ਮੰਤਰੀ ਸਾਦ ਸ਼ੇਰੀਦਾ ਅਲ-ਕਾਬੀ ਨੇ ਕਿਹਾ, "ਇਹ ਸਮਝੌਤਾ ਐੱਲ.ਐੱਨ.ਜੀ. ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਲੰਬੇ ਸਮੇਂ ਦਾ ਕਰਾਰ ਹੈ।" ਉਹ ਕਤਰ ਐਨਰਜੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਵੀ ਹਨ। ਚੀਨੀ ਕੰਪਨੀ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਕਤਰ ਦੇ ਨਵੇਂ ਉੱਤਰੀ ਤੇਲ ਖੇਤਰ ਦੇ ਉਤਪਾਦਨ ਦਾ ਪੂਰਾ ਹਿੱਸਾ ਖ਼ਰੀਦਣ ਬਾਰੇ ਗੱਲ ਕੀਤੀ ਹੈ। ਕਤਰ ਆਪਣੇ ਇਸ ਪ੍ਰਾਜੈਕਟ ਜ਼ਰੀਏ ਐੱਲ.ਐੱਨ.ਜੀ. ਉਤਪਾਦਨ ਨੂੰ 2027 ਤੱਕ ਸਾਲਾਨਾ 12.6 ਕਰੋੜ ਟਨ ਦੇ ਪੱਧਰ 'ਤੇ ਲਿਜਾਉਣਾ ਚਾਹੁੰਦਾ ਹੈ, ਜੋ ਮੌਜੂਦਾ ਪੱਧਰ ਤੋਂ 60 ਫ਼ੀਸਦੀ ਵੱਧ ਹੋਵੇਗਾ। ਕਤਰ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ।