ਚੀਨ ਨੇ ਟਾਪੂ ਰਾਸ਼ਟਰ ਵੱਲ ਭੇਜੇ 25 ਲੜਾਕੂ ਅਤੇ ਤਿੰਨ ਜੰਗੀ ਜਹਾਜ਼ : ਤਾਈਵਾਨ
Wednesday, Mar 01, 2023 - 03:16 PM (IST)
ਤਾਈਪੇ (ਏਜੰਸੀ): ਤਾਈਵਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਚੀਨ ਨੇ ਬੁੱਧਵਾਰ ਸਵੇਰੇ 25 ਲੜਾਕੂ ਜਹਾਜ਼ ਅਤੇ ਤਿੰਨ ਜੰਗੀ ਜਹਾਜ਼ ਟਾਪੂ ਦੇਸ਼ ਵੱਲ ਭੇਜੇ। ਤਾਈਵਾਨ ਦੇ ਸਭ ਤੋਂ ਵੱਡੇ ਸਮਰਥਕ ਅਮਰੀਕਾ ਅਤੇ ਚੀਨ ਵਿਚਾਲੇ ਤਾਈਵਾਨ ਨੂੰ ਲੈ ਕੇ ਤਣਾਅ ਹੈ। ਮੰਤਰਾਲੇ ਨੇ ਕਿਹਾ ਕਿ 25 ਵਿੱਚੋਂ 19 ਜਹਾਜ਼ ਤਾਈਵਾਨ ਦੇ ਹਵਾਈ ਰੱਖਿਆ ਖੇਤਰ ਵਿੱਚ ਦਾਖਲ ਹੋਏ, ਜਦੋਂ ਕਿ ਤਾਈਵਾਨ ਜਲਡਮਰੂ ਵਿੱਚ ਜਹਾਜ਼ਾਂ ਦੀ ਆਵਾਜਾਈ ਜਾਰੀ ਰਹੀ।
ਪੜ੍ਹੋ ਇਹ ਅਹਿਮ ਖ਼ਬਰ- ਚੀਨ 'ਹੋਂਦ' ਲਈ ਖ਼ਤਰਾ ਬਣਿਆ ਹੋਇਆ ਹੈ : ਅਮਰੀਕੀ ਸੰਸਦ ਮੈਂਬਰ
ਤਾਈਵਾਨ ਦਾ ਦਾਅਵਾ ਹੈ ਕਿ ਉਸਨੇ ਲੜਾਕੂ ਜਹਾਜ਼ਾਂ ਨੂੰ ਖਦੇੜਨ ਲਈ ਜਹਾਜ਼ ਭੇਜਣ ਅਤੇ ਤੱਟਵਰਤੀ ਮਿਜ਼ਾਈਲ ਰੱਖਿਆ ਪ੍ਰਣਾਲੀਆਂ ਨੂੰ "ਨਿਗਰਾਨੀ ਅਤੇ ਜਵਾਬ" ਦੇਣ ਲਈ ਸਰਗਰਮ ਕੀਤਾ। ਚੀਨ ਨਿਯਮਿਤ ਤੌਰ 'ਤੇ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦਾ ਹੈ, ਜਿਨ੍ਹਾਂ ਨੂੰ "ਗ੍ਰੇ ਜ਼ੋਨ" ਦੀ ਰਣਨੀਤੀ ਕਿਹਾ ਜਾਂਦਾ ਹੈ। ਇਸ ਦਾ ਮਕਸਦ ਧਮਕਾਉਣਾ ਅਤੇ ਤਾਈਵਾਨ ਦੇ ਸਾਜ਼ੋ-ਸਾਮਾਨ ਦੀ ਬੇਲੋੜੀ ਵਰਤੋਂ ਕਰਾਉਣਾ ਅਤੇ ਜਨਤਕ ਤੌਰ 'ਤੇ ਉਨ੍ਹਾਂ ਦੇ ਮਨੋਬਲ ਨੂੰ ਤੋੜਨਾ ਹੈ। ਉੱਧਰ ਤਾਈਵਾਨ ਨੇ ਆਪਣੇ F-16 ਲੜਾਕੂ ਜਹਾਜ਼ਾਂ ਦੇ ਬੇੜੇ ਨੂੰ ਅਪਗ੍ਰੇਡ ਕਰ ਕੇ, ਅਮਰੀਕਾ ਤੋਂ 66 ਹੋਰ ਜਹਾਜ਼ਾਂ ਦਾ ਆਰਡਰ ਦੇ ਕੇ, ਕਈ ਹੋਰ ਹਥਿਆਰਾਂ ਦੀ ਖਰੀਦਦਾਰੀ ਕਰ ਕੇ ਅਤੇ ਸਾਰੇ ਪੁਰਸ਼ਾਂ ਲਈ ਫੌਜੀ ਸੇਵਾ ਦੀ ਆਪਣੀ ਲਾਜ਼ਮੀ ਮਿਆਦ ਨੂੰ ਚਾਰ ਮਹੀਨਿਆਂ ਤੋਂ ਵਧਾ ਕੇ ਇਕ ਸਾਲ ਤੱਕ ਵਧਾ ਕੇ ਜਵਾਬੀ ਕਾਰਵਾਈ ਲਈ ਖ਼ੁਦ ਨੂੰ ਤਿਆਰ ਕਰ ਲਿਆ ਹੈ। ਗੌਰਤਲਬ ਹੈ ਕਿ ਚੀਨ ਦਾ ਦਾਅਵਾ ਹੈ ਕਿ ਤਾਈਵਾਨ ਉਸ ਦਾ ਹਿੱਸਾ ਹੈ ਅਤੇ ਉਹ ਵਿਦੇਸ਼ੀ ਅਧਿਕਾਰੀਆਂ ਦੇ ਤਾਈਵਾਨ ਦੌਰੇ ਦਾ ਵਿਰੋਧ ਕਰਦਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।