ਘਟੀਆ ਮਾਸਕ ਵੇਚਣ ਕਾਰਨ ਬੇਇੱਜ਼ਤ ਹੋਏ ਚੀਨ ਨੇ ਕੀਤੀ ਕਾਰਵਾਈ, ਫੜਿਆ ਕਰੋੜਾਂ ਨਕਲੀ ਸਮਾਨ

04/27/2020 7:59:04 AM

ਬੀਜਿੰਗ- ਘਟੀਆ ਅਤੇ ਖਰਾਬ PPE ਕਿੱਟਾਂ ਨੂੰ ਲੈ ਕੇ ਦੁਨੀਆ ਭਰ ਵਿਚ ਬੇਇੱਜ਼ਤੀ ਕਰਵਾਉਣ ਮਗਰੋਂ ਚੀਨ ਆਪਣੀ ਇਮੇਜ ਸੁਧਾਰਣ ਦੀ ਕੋਸ਼ਿਸ਼ ਕਰ ਰਿਹਾ ਹੈ। ਸ਼ੀ ਜਿਨਪਿੰਗ ਸਰਕਾਰ ਨੇ ਹੁਣ 1.6 ਕਰੋੜ ਦੁਕਾਨਾਂ ਵਿਚ ਮਾਸਕ ਦੀ ਗੁਣਵੱਤਾ ਦੀ ਜਾਂਚ ਕੀਤੀ ਹੈ। ਇਸ ਦੌਰਾਨ ਤਕਰੀਬਨ 9 ਕਰੋੜ ਜਾਅਲੀ ਮਾਸਕ ਫੜੇ ਗਏ ਹਨ। ਜਦੋਂ ਕੋਰੋਨਾ ਦਾ ਸੰਕਟ ਦੁਨੀਆ 'ਤੇ ਹੋਰ ਵਧਿਆ ਤਾਂ ਕੈਨੇਡਾ, ਸਪੇਨ, ਪਾਕਿਸਤਾਨ ਅਤੇ ਭਾਰਤ ਸਣੇ ਕਈ ਦੇਸ਼ਾਂ ਨੇ ਚੀਨ ਤੋਂ ਸੁਰੱਖਿਆ ਉਪਕਰਣ ਖਰੀਦੇ ਪਰ ਹਰ ਪਾਸਿਓਂ ਇਸ ਵਿਚ ਕਮੀਆਂ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ। ਕਈ ਦੇਸ਼ਾਂ ਨੇ ਚੀਨ ਨੂੰ ਇਹ ਸੁਰੱਖਿਆ ਕਿੱਟਾਂ ਵਾਪਸ ਕਰ ਦਿੱਤੀਆਂ।
PunjabKesari

1 ਕਰੋੜ ਤੋਂ ਵੱਧ ਦੁਕਾਨਾਂ ਦੀ ਜਾਂਚ
ਓਧਰ, ਸਟੇਟ ਬਾਜ਼ਾਰ ਰੈਗੂਲੇਟਰੀ ਪ੍ਰਸ਼ਾਸਨ ਦੇ ਡਿਪਟੀ ਡਾਇਰੈਕਟਰ ਗਾਨ ਲੀਨ ਨੇ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਸ਼ੁੱਕਰਵਾਰ ਨੂੰ ਲਗਭਗ 1.6 ਕਰੋੜ ਦੁਕਾਨਾਂ ਦੀ ਜਾਂਚ ਕੀਤੀ ਗਈ ਅਤੇ 8.9 ਕਰੋੜ ਮਾਸਕ ਅਤੇ 4.18 ਲੱਖ ਨਿੱਜੀ ਸੁਰੱਖਿਆ ਉਪਕਰਣ (ਪੀ. ਪੀ. ਈ.) ਜ਼ਬਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਰੈਗੂਲੇਟਰ ਨੇ 76 ਲੱਖ ਯੁਆਨ ਦੀਆਂ ਘਟੀਆ ਕਿਸਮ ਦੀਆਂ ਕੀਟਨਾਸ਼ਕ ਦਵਾਈਆਂ ਵੀ ਜ਼ਬਤ ਕੀਤੀਆਂ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਜ਼ਬਤ ਕੀਤੇ ਗਏ ਸਮਾਨ ਵਿਚੋਂ ਕਿੰਨਾ ਹਿੱਸਾ ਵਿਦੇਸ਼ਾਂ ਨੂੰ ਬਰਾਮਦ ਕੀਤਾ ਗਿਆ। ਘਟੀਆ ਕਿਸਮ ਦੇ ਉਤਪਾਦਾਂ ਨੂੰ ਹਟਾਉਣ ਲਈ ਚੀਨ ਨੇ ਸ਼ਨੀਵਾਰ ਨੂੰ ਨਵੇਂ ਨਿਯਮ ਜਾਰੀ ਕੀਤੇ, ਜਿਸ ਅਨੁਸਾਰ ਗੈਰ-ਡਾਕਟਰੀ ਕੰਮਾਂ ਵਿਚ ਵਰਤੇ ਜਾਣ ਵਾਲੇ ਮਾਸਕ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਵਿਚ ਰੱਖਿਆ ਜਾਣਾ ਚਾਹੀਦਾ ਹੈ। 

PunjabKesari

ਹੁਣ ਬਣਾਏ ਸਖਤ ਨਿਯਮ
ਵਣਜ ਮੰਤਰਾਲੇ ਮੁਤਾਬਕ, ਬਰਾਮਦ ਕਰਨ ਵਾਲਿਆਂ ਨੂੰ ਲਿਖ ਕੇ ਦੇਣਾ ਪਵੇਗਾ ਕਿ ਉਨ੍ਹਾਂ ਦੇ ਪ੍ਰਾਡਕਟ ਜਿਸ ਦੇਸ਼ ਵਿਚ ਭੇਜੇ ਗਏ ਹਨ, ਇਹ ਉੱਥੋਂ ਦੇ ਸੁਰੱਖਿਆ ਮਾਪਦੰਡਾਂ 'ਤੇ ਪੂਰੇ ਉਤਰਦੇ ਹਨ। ਜ਼ਿਕਰਯੋਗ ਹੈ ਕਿ ਹੁਣ ਚੀਨ ਨੂੰ ਸਖਤ ਨਿਯਮ ਬਣਾਉਣੇ ਪਏ ਕਿਉਂਕਿ ਸਪੇਨ, ਨੀਦਰਲੈਂਡਜ਼, ਚੈੱਕ ਗਣਰਾਜ ਅਤੇ ਤੁਰਕੀ ਸਮੇਤ ਕਈ ਦੇਸ਼ਾਂ ਨੂੰ ਬਰਾਮਦ ਪ੍ਰਾਡਕਟਾਂ ਦੀ ਮਾੜੀ ਕਿਸਮ ਕਾਰਨ ਉਸ ਨੂੰ ਉਨ੍ਹਾਂ ਤੋਂ ਮਾਸਕ ਵਾਪਸ ਮੰਗਵਾਉਣੇ ਪਏ। ਕੈਨੇਡੀਅਨ ਸਰਕਾਰ ਨੇ ਪਿਛਲੇ ਹਫਤੇ ਦੱਸਿਆ ਸੀ ਕਿ ਉਸ ਨੇ ਚੀਨ ਤੋਂ 10 ਲੱਖ ਮਾਸਕ ਮੰਗਵਾਏ ਸਨ ਪਰ ਇਹ ਘਟੀਆ ਕੁਆਲਿਟੀ ਦੇ ਨਿਕਲੇ । 

PunjabKesari

ਡੈਨਮਾਰਕ ਨੇ ਵੀ ਚੀਨ ਤੋਂ ਮੰਗਵਾਏ 5 ਲੱਖ ਮਾਸਕ ਘਟੀਆ ਹੋਣ ਕਾਰਨ ਵਾਪਸ ਕਰ ਦਿੱਤੇ ਸਨ। ਚੀਨੀ ਅਧਿਕਾਰਤ ਅੰਕੜਿਆਂ ਮੁਤਾਬਕ ਉਹ ਰੋਜ਼ਾਨਾ 11.6 ਕਰੋੜ ਮਾਸਕ ਤਿਆਰ ਕਰਦਾ ਹੈ। ਇਸ ਸਾਲ ਇਸ ਨੇ ਇਕ ਅਰਬ ਤੋਂ ਜ਼ਿਆਦਾ ਮਾਸਕ ਬਰਾਮਦ ਕੀਤੇ ਹਨ। 

PunjabKesari

ਭਾਰਤ ਵਿਚ ਚੀਨੀ ਕਿੱਟ 'ਤੇ ਪਾਬੰਦੀ
ਇਸ ਸੰਕਟ ਵਿੱਚ ਵੀ ਚੀਨ ਨੇ ਭਾਰਤ ਕਈ ਦੇਸ਼ਾਂ ਨਾਲ ਧੋਖਾ ਕੀਤਾ ਹੈ। ਪਹਿਲਾਂ ਪੀਪੀਈ ਕਿੱਟ ਅਤੇ ਫਿਰ ਰੈਪਿਡ ਟੈਸਟਿੰਗ ਕਿੱਟ ਵਿਚ ਕਮੀ ਕਾਰਨ ਭਾਰਤ ਨੇ ਇਸ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ। ਭਾਰਤ ਦੀਆਂ ਉੱਚ ਮੈਡੀਕਲ ਸੰਸਥਾਵਾਂ ਵਿਚੋਂ ਇਕ ਆਈ. ਸੀ. ਐੱਮ. ਆਰ. ਵਲੋਂ ਉਨ੍ਹਾਂ ਟੈਸਟ ਕਿੱਟਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਗੁਣਵੱਤਾ ਦੀ ਪੁਸ਼ਟੀ ਹੋਣ ਤੋਂ ਬਾਅਦ ਹੀ ਇਨ੍ਹਾਂ ਨੂੰ ਵਰਤਿਆ ਜਾ ਸਕਦਾ ਹੈ। ਭਾਰਤ ਵਲੋਂ ਸ਼ਿਕਾਇਤ ਦਰਜ ਕਰਨ 'ਤੇ ਚੀਨ ਨੇ ਨਵੀਂ ਦਿੱਲੀ ਨੂੰ ਹੀ ਗਲਤ ਠਹਿਰਾਇਆ ਸੀ ਅਤੇ ਕਿਹਾ ਸੀ ਕਿ ਕੰਪਨੀ ਨੂੰ ਸਮਾਨ ਖਰੀਦਣ ਤੋਂ ਪਹਿਲਾਂ ਜਾਂਚ ਕਰ ਲੈਣੀ ਚਾਹੀਦੀ ਸੀ। ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਸੀਂ ਇਸ ਮਾਮਲੇ ਵਿੱਚ ਭਾਰਤ ਦੀ ਮਦਦ ਕਰਾਂਗੇ ਪਰ ਭਾਰਤ ਸਿਰਫ ਉਨ੍ਹਾਂ ਕੰਪਨੀਆਂ ਕੋਲੋਂ ਹੀ ਸਮਾਨ ਖਰੀਦੇ ਜੋ ਚੀਨੀ ਸਰਕਾਰ ਵਲੋਂ ਪ੍ਰਮਾਣਿਤ ਹਨ।


Lalita Mam

Content Editor

Related News