ਚੀਨ ਦੇ ਰਿਹੈ ਕੈਨੇਡਾ ਦੀਆਂ ਚੋਣਾਂ ’ਚ ਦਖਲ, ਕੈਨੇਡਾਈ ਸੰਸਦੀ ਕਮੇਟੀ ਨੇ ਪਾਸ ਕੀਤਾ ਜਾਂਚ ਮਤਾ

Sunday, Mar 05, 2023 - 09:59 AM (IST)

ਚੀਨ ਦੇ ਰਿਹੈ ਕੈਨੇਡਾ ਦੀਆਂ ਚੋਣਾਂ ’ਚ ਦਖਲ, ਕੈਨੇਡਾਈ ਸੰਸਦੀ ਕਮੇਟੀ ਨੇ ਪਾਸ ਕੀਤਾ ਜਾਂਚ ਮਤਾ

ਜਲੰਧਰ/ਟੋਰਾਂਟੋ (ਇੰਟ.)- ਚੀਨ ਵਲੋਂ ਕੈਨੇਡਾ ਦੀਆਂ ਚੋਣਾਂ ਵਿਚ ਦਖਲ ਦੇਣ ਦੀ ਇਕ ਮੀਡੀਆ ਰਿਪੋਰਟ ਵਿਚ ਖੁਲਾਸਾ ਹੋਣ ਤੋਂ ਬਾਅਦ ਇਕ ਕੈਨੇਡਾਈ ਸੰਸਦੀ ਕਮੇਟੀ ਨੇ ਰਾਸ਼ਟਰੀ ਚੋਣਾਂ ਵਿਚ ਵਿਦੇਸ਼ੀ ਦਖਲਅੰਦਾਜ਼ੀ ਦੇ ਦੋਸ਼ਾਂ ਦੀ ਜਨਤਕ ਜਾਂਚ ਲਈ ਇਕ ਮਤਾ ਪਾਸ ਕੀਤਾ ਹੈ। ਇਸਦੇ ਤਹਿਤ ਕੈਨੇਡਾਈ ਚੋਣਾਂ ਵਿਚ ਚੀਨੀ ਦਖਲ ਦੀ ਜਾਂਚ ਕੀਤੀ ਜਾਏਗੀ। 

ਦੋਸ਼ ਹੈ ਕਿ ਏਸ਼ੀਆ ਅਤੇ ਯੂਰਪ ਵਿਚ ਆਪਣਾ ਦਬਦਬਾ ਬਣਾਉਣ ਦੀਆਂ ਕੋਸ਼ਿਸ਼ਾਂ ਲਈ ਚੀਨ ਨੇ ਕੈਨੇਡਾ ਦੀਆਂ ਚੋਣਾਂ ਵਿਚ ਦਖਲ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿਚ ਕੈਨੇਡਾ ਦੀ ਪਰਲ ਕਮੇਟੀ ਨੇ ਜਾਂਚ ਲਈ ਮਤਾ ਪਾਸ ਕਰਵਾ ਦਿੱਤਾ ਹੈ, ਹਾਲਾਂਕਿ ਇਸ ਤਰ੍ਹਾਂ ਦੀ ਜਾਂਚ ਹੋਵੇਗੀ ਜਾਂ ਨਹੀਂ ਇਹ ਸਰਕਾਰ ’ਤੇ ਨਿਰਭਰ ਹੋਵੇਗਾ, ਕਿਉਂਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਤਾਜ਼ਾ ਬਿਆਨ ਵਿਚ ਇਹ ਕਿਹਾ ਹੈ ਕਿ ਚੀਨ ਨੇ ਕੈਨੇਡਾ ਦੀਆਂ ਚੋਣਾਂ ਵਿਚ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਤਾਂ ਕੀਤੀ ਸੀ, ਪਰ ਉਸ ਦੀਆਂ ਕੋਸ਼ਿਸ਼ਾਂ ਨੇ ਨਤੀਜਾ ਨਹੀਂ ਬਦਲਿਆ।

ਕੀ ਚਾਹੁੰਦਾ ਸੀ ਚੀਨ

ਦਿ ਗਲੋਬ ਐਂਡ ਮੇਲ ਦੀ ਇਹ ਮੀਡੀਆ ਰਿਪੋਰਟ ਕੈਨੇਡਾ ਦੀ ਜਾਸੂਸੀ ਏਜੰਸੀ, ਕੈਨੇਡਾਈ ਸੁਰੱਖਿਆ ਖੁਫੀਆ ਸੇਵਾ ਜਾਂ ਸੀ. ਐੱਸ. ਆਈ. ਐੱਸ. ਦੇ ਦਸਤਾਵੇਜ਼ਾਂ ’ਤੇ ਆਧਾਰਿਤ ਹੈ। ਇਸ ਰਿਪੋਰਟ ਮੁਤਾਬਕ ਖੁਫੀਆ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਬੀਜਿੰਗ ਨੇ ਇਹ ਤੈਅ ਕਰ ਲਿਆ ਸੀ ਕਿ ਚੋਣਾਂ ਵਿਚ ਕੰਜਰਵੇਟਿਵ ਪਾਰਟੀ ਦੀ ਜਿੱਤ ਨਾ ਹੋ ਸਕੇ। ਇਸਦੇ ਲਈ ਚੀਨ ਨੇ ਵੈਨਕੂਵਰ ਅਤੇ ਜੀ. ਟੀ. ਏ. (ਗ੍ਰੇਟਰ ਟੋਰਾਂਟੋ ਏਰੀਆ) ਵਿਚ ਪਰਦੇ ਦੇ ਪਿੱਛੇ ਰਹਿੰਦੇ ਹੋਏ ਚੀਨੀ-ਕੈਨੇਡਾਈ ਸੰਗਠਨਾਂ ਦਰਮਿਆਨ ਕੂੜ ਪ੍ਰਚਾਰ ਮੁਹਿੰਮਾਂ ਨੂੰ ਜ਼ੋਰ ਦਿੱਤਾ ਸੀ। ਵੈਨਕੂਵਰ ਅਤੇ ਜੀ. ਟੀ. ਏ. ’ਚ ਵੱਡੀ ਗਿਣਤੀ ਵਿਚ ਚੀਨੀ ਪ੍ਰਵਾਸੀ ਭਾਈਚਾਰੇ ਹਨ, ਜੋ ਕੰਜਰਵੇਟਿਵ ਪਾਰਟੀ ਦਾ ਵਿਰੋਧ ਅਤੇ ਟਰੂਡੋ ਹਮਾਇਤੀਆਂ ਦਾ ਪੱਖ ਲੈਂਦੇ ਰਹੇ ਹਨ।

ਪੜ੍ਹੋ ਇਹ ਅਹਿਮ ਖ਼ਬਰ-ਭੱਵਿਖ ਨੂੰ ਬਿਹਤਰ ਤੇ ਸੁਰੱਖਿਅਤ ਬਣਾਉਣ ਲਈ ਇਟਾਲੀਅਨ ਲੋਕ ਵੀ ਪ੍ਰਵਾਸ ਕੱਟਣ ਲਈ ਬੇਵੱਸ ਤੇ ਲਾਚਾਰ

ਬੀਤੇ ਵਰ੍ਹੇ ਚੀਨ ਨੇ ਦੋਸ਼ਾਂ ਨੂੰ ਕੀਤਾ ਸੀ ਖਾਰਿਜ

ਦੱਸ ਦਈਏ ਕਿ ਪਿਛਲੇ ਸਾਲ ਨਵੰਬਰ ਮਹੀਨੇ ਵਿਚ ਵੀ ਕੈਨੇਡਾ ਦੀਆਂ ਚੋਣਾਂ ਵਿਚ ਚੀਨ ਦੀ ਦਖਲਅੰਦਾਜ਼ੀ ਦੀਆਂ ਖਬਰਾਂ ਆਈਆਂ ਸਨ। ਓਦੋਂ ਕੈਨੇਡਾ ਦੇ ਪ੍ਰਧਾਨ ਮੰਤਰ ਜਸਟਿਨ ਟਰੂਡੋ ਨੇ ਚੀਨ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਸੀ ਕਿ ਚੀਨ ਕੈਨੇਡਾ ਅਤੇ ਉਨ੍ਹਾਂ ਦੇ ਇੰਸਟੀਚਿਊਸ਼ੰਸ ਖ਼ਿਲਾਫ਼ ਹਮਲਾਵਰ ਹੁੰਦੇ ਹੋਏ ਲੋਕਤੰਤਰ ’ਤੇ ਹਮਲੇ ਕਰ ਰਿਹਾ ਹੈ। ਕੈਨੇਡਾ ਦੀ ਮੀਡੀਆ ’ਤੇ ਚੱਲ ਰਹੀਆਂ ਖ਼ਬਰਾਂ ਮੁਤਾਬਕ ਚੀਨ ਨੇ 2019 ਅਤੇ ਉਸ ਤੋਂ ਬਾਅਦ 2021 ਦੀਆਂ ਚੋਣਾਂ ਵਿਚ ਸੱਤਾਧਿਰ ਲਿਬਰਲ ਪਾਰਟੀ ਦੇ ਪੱਖ ਵਿਚ ਸੰਘੀ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਲਈ ਇਕ ਮੁਹਿੰਮ ਚਲਾਈ ਸੀ। ਉਥੇ ਕੈਨੇਡਾਈ ਚੋਣਾਂ ਵਿਚ ਦਖਲ ਦੇਣ ਦੇ ਦੋਸ਼ਾਂ ’ਤੇ ਫਿਲਹਾਲ ਚੀਨ ਦੀ ਪ੍ਰਤੀਕਿਰਿਆ ਨਹੀਂ ਆਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਚੀਨੀ ਵਿਦੇਸ਼ ਮੰਤਰਾਲਾ ਨੇ ਅਜਿਹੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News