ਚੀਨ ’ਚ ਸੋਨੇ ਦੀ ਸਭ ਤੋਂ ਵੱਡੀ ਧੋਖਾਦੇਹੀ, 4 ਫੀਸਦੀ ਸੋਨਾ ਨਕਲੀ

Tuesday, Jun 30, 2020 - 11:53 PM (IST)

ਚੀਨ ’ਚ ਸੋਨੇ ਦੀ ਸਭ ਤੋਂ ਵੱਡੀ ਧੋਖਾਦੇਹੀ, 4 ਫੀਸਦੀ ਸੋਨਾ ਨਕਲੀ

ਨਿਊਯਾਰਕ/ਬੀਜਿੰਗ (ਅਨਸ)– ਕੋਰੋਨਾ ਇਨਫੈਕਸ਼ਨ ਦੀ ਸੱਚਾਈ ਲੁਕਾਉਣ ਅਤੇ ਗੁਆਂਢੀ ਦੇਸ਼ਾਂ ਦੀ ਜ਼ਮੀਨ ’ਤੇ ਅੱਖਾਂ ਰੱਖਣ ਕਾਰਣ ਦੁਨੀਆ ਭਰ ’ਚ ਕਿਰਕਿਰੀ ਝੱਲ ਰਹੇ ਚੀਨ ’ਚ ਸੋਨੇ ਦੀ ਸਭ ਤੋਂ ਵੱਡੀ ਧੋਖਾਦੇਹੀ ਸਾਹਮਣੇ ਆਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਹਾਲ ਹੀ ਦੇ ਸਾਲਾਂ ’ਚ ਸੋਨੇ ਦਾ ਸਭ ਤੋਂ ਵੱਡਾ ਘਪਲਾ ਹੋ ਸਕਦਾ ਹੈ। ਇਹ ਘਪਲਾ ਉਸ ਸ਼ਹਿਰ ਤੋਂ ਉਭਰਿਆ ਹੈ ਜੋ ਘਪਲਿਆਂ ਦੀ ਜਣਨੀ ਬਣ ਚੁੱਕਾ ਹੈ। ਇਹ ਓਹੀ ਸ਼ਹਿਰ ਹੈ ਜਿਥੋਂ ਨਿਕਲ ਕੇ ਕੋਰੋਨਾ ਪੂਰੀ ਦੁਨੀਆ ’ਚ ਕਹਿਰ ਮਚਾ ਰਿਹਾ ਹੈ ਯਾਨੀ ਵੁਹਾਨ। ਰਿਪੋਰਟ ਮੁਤਾਬਕ ਚੀਨ ਦੇ ਕੁਲ ਸੋਨੇ ਦੇ ਭੰਡਾਰ ’ਚ 4 ਫੀਸਦੀ ਤੋਂ ਵੱਧ ਸੋਨਾ ਨਕਲੀ ਹੋ ਸਕਦਾ ਹੈ।

ਚੀਨ ’ਚ ਸਭ ਤੋਂ ਵੱਡੇ ਜਿਊਲਰਸ ’ਚ ਸ਼ਾਮਲ ਅਤੇ ਨੈਸਡੇਕ ’ਚ ਸੂਚੀਬੱਧ ਕਿੰਗੋਲਡ ਜਿਊਲਰੀ ’ਤੇ 14 ਵਿੱਤੀ ਸੰਸਥਾਵਾਂ ਤੋਂ ਲੋਨ ਕੱਢਣ ਲਈ ਰੈਹਨ ਦੇ ਤੌਰ ’ਤੇ ਸੋਨੇ ਦੀ ਨਕਲੀ ਬਾਰ ਰੱਖਣ ਦਾ ਦੋਸ਼ ਲੱਗਾ ਹੈ। ਕੰਪਨੀ ਨੇ 83 ਟਨ ਸੋਨਾ ਗਹਿਣੇ ਰੱਖ ਕੇ 20.6 ਅਰਬ ਯੁਆਨ ਦਾ ਲੋਨ ਲਿਆ ਸੀ ਪਰ ਇਸ ’ਚੋਂ ਜਿਆਦਾਤਰ ਸੋਨਾ ਸਿਰਫ ਗਿਲਡੇਡ ਕਾਪਰ ਨਿਕਲਿਆ। ਇਹ ਚੀਨ ਦੇ ਕੁਲ ਸਾਲਾਨਾ ਉਤਪਾਦਨ ਦਾ 22 ਫੀਸਦੀ ਅਤੇ ਪਿਛਲੇ ਸਾਲ ਦੇਸ਼ ਕੋਲ ਮੌਜੂਦ ਸੋਨੇ ਦੇ ਭੰਡਾਰ ਦਾ 4.2 ਫੀਸਦੀ ਹੈ।

ਜਿਸ ਨੂੰ ਸਮਝਿਆ ਸੋਨਾ, ਉਹ ਨਿਕਲਿਆ ਕਾਪਰ
ਅਮਰੀਕਾ ਦੀਆਂ ਦੋ ਲਾ ਫਰਮਾਂ ਨੇ ਨਿਵੇਸ਼ਕਾਂ ਵਲੋਂ ਪਹਿਲਾਂ ਹੀ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਿੰਗੋਲਡ ਚੀਨ ਹੁਬੇਈ ਸੂਬੇ ਦੀ ਸਭ ਤੋਂ ਵੱਡੀ ਗੋਡ ਪ੍ਰੋਸੈਸਰ ਹੈ। ਇਸ ਦੇ ਚੇਅਰਮੈਨ ਜੀਆ ਝਿਹੋਂਗ ਚੀਨ ਦੀ ਸ਼ਕਤੀਸ਼ਾਲੀ ਪੀਪੁਲਸ ਲਿਬਰੇਸ਼ਨ ਆਰਮੀ ਦੇ ਸਾਬਕਾ ਅਧਿਕਾਰੀ ਹਨ। ਸੋਨੇ ਦੇ ਨਕਲੀ ਹੋਣ ਦਾ ਖੁਲਾਸਾ ਫਰਵਰੀ ’ਚ ਹੋਇਆ ਜਦੋਂ ਇਕ ਟਰੱਸਟ ਨੇ ਡਿਫਾਲਟ ਕਰਜ ਦੀ ਭਰਪਾਈ ਲਈ ਗਹਿਣੇ ਰੱਖੇ ਸੋੋਨੇ ਨੂੰ ਵੇਚਣ ਦੀ ਕੋਸ਼ਿਸ਼ ਕੀਤੀ। ਉਦੋਂ ਪਤਾ ਲੱਗਾ ਕਿ ਜਿਸ ਨੂੰ ਸੋਨਾ ਸਮਝਿਆ ਜਾ ਰਿਹਾ ਸੀ ਉਹ ਗਿਲਡੇਡ ਕਾਪਰ ਹੈ।

ਕਿੰਗੋਲਡ ਦੇ ਕ੍ਰੈਡਿਟਰਾਂ ’ਚ ਮਚੀ ਹਲਚਲ
ਇਸ ਖਬਰ ਦੇ ਫੈਲਦੇ ਹੀ ਕਿੰਗੋਲਡ ਦੇ ਕ੍ਰੈਡਿਟਰਾਂ ’ਚ ਹਲਚਲ ਮਚ ਗਈ। ਜਦੋਂ ਕਿ ਬਾਕੀ ਵਿੱਤੀ ਸੰਸਥਾਨਾਂ ਨੇ ਆਪਣੇ ਕੋਲ ਗਹਿਣੇ ਰੱਖੇ ਸੋਨੇ ਦੀ ਸ਼ੁੱਧਤਾ ਦੀ ਜਾਂਚ-ਪੜਤਾਲ ਕਰਵਾਈ ਤਾਂ ਉਹ ਵੀ ਕਾਪਰ ਨਿਕਲਿਆ। ਜਾਂਚ ਏਜੰਸੀਆਂ ਇਸ ਦੀ ਪੜਤਾਲ ਕਰ ਰਹੀਆਂ ਹਨ। ਹਾਲਾਂਕਿ ਜੀਆ ਕਿਸੇ ਵੀ ਧੋਖਾਦੇਹੀ ਤੋਂ ਇਨਕਾਰ ਕਰ ਰਹੇ ਹਨ। ਇਸ ਤੋਂ ਪਹਿਲਾਂ 2016 ’ਚ ਵੀ ਹੁਨਾਨ ਸੂਬੇ ’ਚ ਇਸ ਤਰ੍ਹਾਂ ਦੇ ਇਕ ਘਪਲੇ ਦਾ ਪਰਦਾਫਾਸ਼ ਹੋਇਆ ਸੀ।


author

Baljit Singh

Content Editor

Related News