ਬਿਨਾਂ ਲੱਛਣ ਵਾਲੇ ਮਾਮਲਿਆਂ ਨੇ ਵਧਾਈ ਚਿੰਤਾ, ਚੀਨ ''ਚ ਅਜਿਹੇ 981 ਮਰੀਜ਼
Friday, May 01, 2020 - 12:25 PM (IST)
ਬੀਜਿੰਗ- ਚੀਨ ਵਿਚ ਬਿਨਾਂ ਲੱਛਣ ਵਾਲੇ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਵਧ ਕੇ 981 ਤੱਕ ਪਹੁੰਚ ਗਏ ਹਨ, ਜਿਹਨਾਂ ਵਿਚ 631 ਮਾਮਲੇ ਹੁਬਏ ਸੂਬੇ ਤੇ ਉਸ ਦੀ ਰਾਜਧਾਨੀ ਵੁਹਾਨ ਤੋਂ ਹਨ। ਕੋਰੋਨਾ ਵਾਇਰਸ ਹੁਬੇਈ ਸੂਬੇ ਤੋਂ ਸ਼ੁਰੂ ਹੋਇਆ ਹੈ।
ਸਰਕਾਰ ਨੇ ਮਈ ਦਿਵਸ (ਮਜ਼ਦੂਰ ਦਿਵਸ) ਦੀਆਂ ਪੰਜ ਦਿਨਾਂ ਦੀਆਂ ਛੁੱਟੀਆਂ ਦੌਰਾਨ ਇਨਫੈਕਸ਼ਨ ਫੈਲਣ ਦੇ ਖਤਰੇ ਨੂੰ ਦੇਖਦੇ ਹੋਏ ਸਾਵਧਾਨੀ ਵਧਾ ਦਿੱਤੀ ਹੈ। ਚੀਨ ਵਿਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੇ ਮਾਮਲੇ ਘਟਣ ਤੋਂ ਬਾਅਦ ਦੇਸ਼ ਵਿਚ ਆਮ ਗਤੀਵਿਧੀਆਂ ਬਹਾਲ ਕਰ ਦਿੱਤੀਆਂ ਗਈਆਂ। ਹਾਲਾਂਕਿ ਲੱਛਣ ਨਾ ਦਿਖਣ ਵਾਲੇ ਮਾਮਲਿਆਂ ਦਾ ਵਧਣਾ ਅਜੇ ਵੀ ਚਿੰਤਾ ਦਾ ਵਿਸ਼ਾ ਹੈ। ਲੱਛਣ ਨਾ ਦਿਖਣ ਵਾਲੇ ਮਾਮਲੇ ਵਿਚ ਵਿਅਕਤੀ ਕੋਰੋਨਾ ਵਾਇਰਸ ਨਾਲ ਇਨਫੈਕਟਡ ਤਾਂ ਹੋ ਜਾਂਦਾ ਹੈ ਪਰ ਉਸ ਵਿਚ ਬੁਖਾਰ, ਗਲੇ ਵਿਚ ਖਰਾਸ਼ ਜਿਹੇ ਲੱਛਣ ਨਹੀਂ ਦਿਖਦੇ ਹਨ। ਅਜਿਹੇ ਲੋਕਾਂ ਤੋਂ ਦੂਜੇ ਵਿਅਕਤੀ ਦੇ ਇਨਫੈਕਟਡ ਹੋਣ ਦਾ ਖਤਰਾ ਬਰਕਰਾਰ ਰਹਿੰਦਾ ਹੈ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ (ਐਨ.ਐਚ.ਸੀ.) ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੇਸ਼ ਵਿਚ ਬਿਨਾਂ ਲੱਛਣ ਵਾਲੇ 25 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਕੁੱਲ ਅਜਿਹੇ ਮਾਮਲਿਆਂ ਦੀ ਗਿਣਤੀ 981 ਹੋ ਗਈ ਹੈ, ਜਿਹਨਾਂ ਵਿਚੋਂ 115 ਵਿਦੇਸ਼ੀ ਹਨ, ਜੋ ਅਜੇ ਨਿਗਰਾਨੀ ਹੇਠ ਹਨ।
ਹੁਬੇਈ ਸੂਬੇ ਦੇ ਸਿਹਤ ਕਮਿਸ਼ਨ ਨੇ ਦੱਸਿਆ ਕਿ ਪਿਛਲੇ 27 ਦਿਨਾਂ ਵਿਚ ਕੋਰੋਨਾ ਵਾਇਰਸ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ ਪਰ ਸੂਬਾ ਤੇ ਇਸ ਦੀ ਰਾਜਧਾਨੀ ਵੁਹਾਨ ਵਿਚ 631 ਅਜਿਹੇ ਲੋਕ ਹਨ, ਜਿਹਨਾਂ ਵਿਚ ਕੋਈ ਲੱਛਣ ਨਹੀਂ ਦਿਖਿਆ ਤੇ ਉਹਨਾਂ ਨੂੰ ਮੈਡੀਕਲ ਨਿਗਰਾਨੀ ਵਿਚ ਰੱਖਿਆ ਗਿਆ ਹੈ। ਐਨ.ਐਚ.ਸੀ. ਮੁਤਾਬਕ ਦੇਸ਼ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 82,874 ਮਾਮਲੇ ਹਨ, ਜਿਹਨਾਂ ਵਿਚੋਂ 599 ਦਾ ਇਲਾਜ ਚੱਲ ਰਿਹਾ ਹੈ ਤੇ ਸਿਹਤਮੰਦ ਹੋਣ ਤੋਂ ਬਾਅਦ 77,642 ਲੋਕਾਂ ਨੂੰ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ।