ਚੀਨ ਨੇ ਜਾਪਾਨੀਆਂ ਨੂੰ ਵੀਜ਼ਾ ਦੇਣਾ ਮੁੜ ਕੀਤਾ ਸ਼ੁਰੂ, ਪਾਬੰਦੀਆਂ ਖ਼ਿਲਾਫ਼ ਡਰੈਗਨ ਨੇ ਵੀਜ਼ੇ ’ਤੇ ਲਾਈ ਸੀ ਪਾਬੰਦੀ
Monday, Jan 30, 2023 - 04:17 AM (IST)
ਟੋਕੀਓ : ਚੀਨ ਨੇ ਐਲਾਨ ਕੀਤਾ ਹੈ ਕਿ ਉਹ ਐਤਵਾਰ ਤੋਂ ਜਾਪਾਨੀ ਯਾਤਰੀਆਂ ਲਈ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਰਿਹਾ ਹੈ। ਚੀਨ ਨੇ ਆਪਣੇ ਨਾਗਰਿਕਾਂ ਨੂੰ ਜਾਪਾਨ ਵਿਚ ਦਾਖਲ ਹੋਣ ਲਈ ਸਖਤ ਕੋਵਿਡ-19 ਨਿਯਮਾਂ ਦੇ ਵਿਰੋਧ ਵਿਚ ਜਾਪਾਨੀ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਮੁਅੱਤਲ ਕਰ ਦਿੱਤਾ ਸੀ ਅਤੇ ਲੱਗਭਗ ਤਿੰਨ ਹਫ਼ਤਿਆਂ ਬਾਅਦ ਇਸ ਨੂੰ ਬਹਾਲ ਕਰ ਰਿਹਾ ਹੈ।
ਬੀਜਿੰਗ ਨੇ ਟੋਕੀਓ ਸਥਿਤ ਚੀਨੀ ਦੂਤਘਰ ਦੀ ਵੈੱਬਸਾਈਟ ’ਤੇ ਪੋਸਟ ਕੀਤੇ ਇਕ ਬਿਆਨ ਰਾਹੀਂ ਆਪਣੇ ਫੈਸਲੇ ਦਾ ਐਲਾਨ ਕੀਤਾ। 10 ਜਨਵਰੀ ਨੂੰ ਚੀਨ ਨੇ ਜਾਪਾਨ ’ਚ ਨਵੇਂ ਵੀਜ਼ੇ ਜਾਰੀ ਕਰਨ ’ਤੇ ਪਾਬੰਦੀ ਲਗਾ ਦਿੱਤੀ ਸੀ। ਦਸੰਬਰ ਦੇ ਅਖੀਰ ਵਿਚ 'ਚੰਦਰ ਨਵੇਂ ਸਾਲ' ਤੋਂ ਪਹਿਲਾਂ ਦੇਸ਼ ਵਿਚ ਆਉਣ ਵਾਲੇ ਚੀਨੀ ਸੈਲਾਨੀਆਂ ਲਈ ਟੋਕੀਓ ਵੱਲੋਂ ਵਾਧੂ ਕੋਵਿਡ ਟੈਸਟ ਲਾਜ਼ਮੀ ਕੀਤੇ ਜਾਣ ਦੇ ਵਿਰੋਧ ਵਿਚ ਇਹ ਕਦਮ ਚੁੱਕਿਆ ਸੀ।
ਜਾਪਾਨ ਨੇ ਪਿਛਲੇ ਸਾਲ ਅਕਤੂਬਰ ’ਚ ਸੈਲਾਨੀਆਂ ਲਈ ਆਪਣੀਆਂ ਸਰਹੱਦਾਂ ਖੋਲ੍ਹ ਦਿੱਤੀਆਂ ਸਨ ਅਤੇ ਯਾਤਰੀਆਂ ਲਈ ਹਵਾਈ ਅੱਡੇ 'ਤੇ ਕੋਵਿਡ ਨੈਗੇਟਿਵ ਰਿਪੋਰਟਾਂ ਦੀ ਬਜਾਏ ਸਿਰਫ ਟੀਕਾਕਰਨ ਸਰਟੀਫਿਕੇਟ ਦਿਖਾਉਣ ਦੀ ਵਿਵਸਥਾ ਕੀਤੀ ਸੀ ਪਰ ਦਸੰਬਰ ਵਿਚ ਜਾਪਾਨ ਨੇ ਚੀਨੀ ਯਾਤਰੀਆਂ ਲਈ ਕੋਵਿਡ-19 ਟੈਸਟ ਕਰਵਾਉਣ ਅਤੇ ਚੀਨ ਛੱਡਣ ਤੋਂ ਪਹਿਲਾਂ ਇਕ ਸੰਕਰਮਣ ਮੁਕਤ ਸਰਟੀਫਿਕੇਟ ਪੇਸ਼ ਕਰਨ ਦੀ ਸ਼ਰਤ ਲਾ ਦਿੱਤੀ ਸੀ।