ਕੋਰੋਨਾ ਕਾਰਨ ਅੱਜ 3 ਮਿੰਟ ਲਈ ਖੜ੍ਹ ਗਿਆ ਚੀਨ, ਧਾਹਾਂ ਮਾਰ ਰੋਏ ਲੋਕ
Saturday, Apr 04, 2020 - 01:02 PM (IST)

ਬੀਜਿੰਗ : ਦੁਨੀਆ ਦੇ ਸਭ ਤੋਂ ਵੱਧ ਅਬਾਦੀ ਵਾਲੇ ਦੇਸ਼ ਵਿਚ ਸੜਕਾਂ 'ਤੇ ਅੱਜ ਲੋਕ ਉਦਾਸ ਦਿਖਾਈ ਦਿੱਤੇ। ਬੀਜਿੰਗ ਵਿਚ ਲੋਕਾਂ ਨੂੰ ਸੜਕਾਂ 'ਤੇ ਰੋਂਦੇ ਹੋਏ ਵੇਖਿਆ ਗਿਆ। ਇਸ ਦੌਰਾਨ ਦੇਸ਼-ਵਿਦੇਸ਼ ਦੇ ਸਾਰੇ ਚੀਨੀ ਦੂਤਘਰਾਂ ਵਿਚ ਰਾਸ਼ਟਰੀ ਝੰਡਾ ਅੱਧਾ ਝੁਕਿਆ ਹੋਇਆ ਸੀ ਅਤੇ ਦੇਸ਼ ਭਰ ਵਿਚ ਜਨਤਕ ਮਨੋਰੰਜਨ ਦੀਆਂ ਗਤੀਵਿਧੀਆਂ ਨੂੰ ਮੁਲਤਵੀ ਕਰ ਦਿੱਤਾ ਗਿਆ। ਦਰਅਸਲ, ਸ਼ਨੀਵਾਰ ਨੂੰ ਚੀਨ ਉਸ ਵਕਤ ਥੋੜ੍ਹੇ ਸਮੇਂ ਲਈ ਰੁਕ ਗਿਆ ਜਦੋਂ ਕੋਰੋਨਾ ਵਾਇਰਸ ਕਾਰਨ ਮਰੇ ਮਰੀਜ਼ਾਂ ਅਤੇ ਮੈਡੀਕਲ ਕਰਮਚਾਰੀਆਂ ਦੀ ਯਾਦ ਵਿਚ ਦੇਸ਼ ਨੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਅਗਵਾਈ ਹੇਠ ਤਿੰਨ ਮਿੰਟ ਲਈ ਰਾਸ਼ਟਰੀ ਸੋਗ ਰੱਖਿਆ।
ਡਾਕਟਰ ਲੀ ਸਣੇ 3,300 ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸ਼ਰਧਾਂਜਲੀ ਦਿੰਦੇ ਲੋਕ ਧਾਹਾਂ ਮਾਰ ਰੋਏ। ਡਾ. ਲੀ ਵੇਨਲਿਆਂਗ ਕੋਰੋਨਾ ਬਾਰੇ ਜਾਣਕਾਰੀ ਦੇਣ ਵਾਲੇ ਪਹਿਲੇ ਡਾਕਟਰ ਸਨ। ਹੁਬੇਈ ਸੂਬੇ ਵਿਚ ਸਭ ਤੋਂ ਪਹਿਲਾਂ ਕੋਰੋਨਾ ਬਾਰੇ ਜਾਣਕਾਰੀ ਦੇਣ ਵਾਲੇ ਡਾਕਟਰ ਲੀ ਸਣੇ 14 ਕਰਮਚਾਰੀਆਂ ਨੂੰ ਕੋਵਿਡ-19 ਨਾਲ ਲੜਾਈ ਵਿਚ ਜਾਨ ਗੁਆਉਣ 'ਤੇ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ। 34 ਸਾਲਾ ਡਾਕਟਰ ਲੀ ਦੀ ਕੋਵਿਡ-19 ਦੇ ਸੰਪਰਕ ਵਿਚ ਆਉਣ ਤੋਂ ਬਾਅਦ 7 ਫਰਵਰੀ ਨੂੰ ਮੌਤ ਹੋ ਗਈ ਸੀ।
ਰਾਸ਼ਟਰੀ ਸੋਗ ਦਿਵਸ ਵਿਚ ਸ਼ਾਮਲ ਹੋਏ ਲੀਡਰਾਂ ਨੇ ਜੇਬ 'ਤੇ ਚਿੱਟੇ ਫੁੱਲ ਟੰਗੇ ਹੋਏ ਸਨ। ਆਧੁਨਿਕ ਚੀਨ ਦੇ ਇਤਿਹਾਸ ਵਿਚ ਕੋਰੋਨਾ ਵਾਇਰਸ ਨੂੰ ਸਭ ਤੋਂ ਵੱਡੀ ਆਫਤ ਮੰਨਿਆ ਜਾ ਰਿਹਾ ਹੈ। ਚੀਨ ਦੇ ਹੁਬੇਈ ਸੂਬੇ ਦੇ ਸ਼ਹਿਰ ਵੁਹਾਨ ਵਿਚ ਪਹਿਲੀ ਵਾਰ ਇਸ ਵਾਇਰਸ ਦੀ ਸ਼ੁਰੂਆਤ ਹੋਈ ਸੀ।
ਹੁਣ ਤੱਕ ਹੁਬੇਈ ਵਿਚ 67,803 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 50,008 ਮਾਮਲੇ ਵੁਹਾਨ ਵਿਚ ਦਰਜ ਕੀਤੇ ਗਏ ਸਨ। ਹੁਣ ਤੱਕ ਚੀਨੀ ਖੇਤਰ 'ਤੇ ਕੋਵਿਡ-19 ਦੇ 81,620 ਮਾਮਲੇ ਸਾਹਮਣੇ ਆਏ ਹਨ ਅਤੇ 3,322 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਵਿਚ ਕੋਵਿਡ-19 ਦਾ ਖਤਰਾ ਟਲਿਆ ਨਹੀਂ ਹੈ।