ਚੀਨੀ ਕਮਿਊਨਿਸਟ ਪਾਰਟੀ ਨੇ ਇਤਿਹਾਸਕ ਪ੍ਰਸਤਾਵ ਕੀਤਾ ਪਾਸ, ਸ਼ੀ ਜਿਨਪਿੰਗ ਦਾ ਤੀਜਾ ਕਾਰਜਕਾਲ ਕੀਤਾ ਯਕੀਨੀ

Friday, Nov 12, 2021 - 09:56 AM (IST)

ਚੀਨੀ ਕਮਿਊਨਿਸਟ ਪਾਰਟੀ ਨੇ ਇਤਿਹਾਸਕ ਪ੍ਰਸਤਾਵ ਕੀਤਾ ਪਾਸ, ਸ਼ੀ ਜਿਨਪਿੰਗ ਦਾ ਤੀਜਾ ਕਾਰਜਕਾਲ ਕੀਤਾ ਯਕੀਨੀ

ਪੇਈਚਿੰਗ (ਭਾਸ਼ਾ)- ਚੀਨੀ ਕਮਿਊਨਿਸਟ ਪਾਰਟੀ (ਸੀ.ਪੀ.ਸੀ.) ਦੀ ਉੱਚ ਪੱਧਰੀ ਮੀਟਿੰਗ ਵਿਚ ਪਾਰਟੀ ਦੀਆਂ ਪਿਛਲੇ 100 ਸਾਲਾਂ ਦੀਆਂ ਅਹਿਮ ਪ੍ਰਾਪਤੀਆਂ ਸਬੰਧੀ 'ਇਤਿਹਾਸਕ ਪ੍ਰਸਤਾਵ' ਪਾਸ ਕੀਤਾ ਗਿਆ। ਇਸਦੇ ਨਾਲ ਹੀ ਅਗਲੇ ਸਾਲ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਰਿਕਾਰਡ ਤੀਸਰੇ ਕਾਰਜਕਾਲ ਲਈ ਵੀ ਰਸਤਾ ਸਾਫ਼ ਕਰ ਦਿੱਤਾ ਗਿਆ ਹੈ। ਪਾਰਟੀ ਦੀ 19ਵੀਂ ਕੇਂਦਰੀ ਕਮੇਟੀ ਦਾ 6ਵਾਂ ਪੂਰਨ ਸੈਸ਼ਨ 8 ਤੋਂ 11 ਨਵੰਬਰ ਨੂੰ ਪੇਈਚਿੰਗ ਵਿਚ ਆਯੋਜਿਤ ਕੀਤਾ ਗਿਆ। ਵੀਰਵਾਰ ਨੂੰ ਸੰਮੇਲਨ ਦੀ ਸਮਾਪਤੀ ਤੋਂ ਬਾਅਦ ਜਾਰੀ ਕੀਤੇ ਗਏ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਮੀਟਿੰਗ ਵਿਚ 'ਇਤਿਹਾਸਕ ਪ੍ਰਸਤਾਵ' ਦੀ ਸਮੀਖਿਆ ਕੀਤੀ ਗਈ ਅਤੇ ਉਸ ਨੂੰ ਪਾਸ ਕੀਤਾ ਗਿਆ।

ਇਹ ਵੀ ਪੜ੍ਹੋ : ਅਮਰੀਕਾ ’ਚ ਪਤਨੀ ਅਤੇ ਬੱਚਿਆਂ ਦਾ ਕਤਲ ਕਰਨ ਵਾਲੇ ਭਾਰਤੀ ਨੂੰ ਹੋਈ ਉਮਰ ਕੈਦ

ਸੀ.ਪੀ.ਸੀ. ਦੇ 100 ਸਾਲਾਂ ਦੇ ਇਤਿਹਾਸ ਵਿਚ ਇਹ ਇਸ ਤਰ੍ਹਾਂ ਦਾ ਸਿਰਫ਼ ਤੀਸਰਾ ਪ੍ਰਸਤਾਵ ਹੈ। ਪਾਰਟੀ ਸ਼ੁੱਕਰਵਾਰ ਨੂੰ ਆਯੋਜਿਤ ਪ੍ਰੈੱਸ ਕਾਨਫਰੰਸ 'ਚ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਵੇਗੀ। ਇੱਥੇ ਜਾਰੀ 14 ਪੰਨਿਆਂ ਦੀ ਰਿਲੀਜ਼ ਵਿਚ ਸ਼ੀ ਦੀ ਲੀਡਰਸ਼ਿਪ ਅਤੇ ਪਾਰਟੀ ਵਿਚ ਉਨ੍ਹਾਂ ਦੀ "ਕੇਂਦਰੀ ਸਥਿਤੀ" ਦੀ ਪ੍ਰਸ਼ੰਸਾ ਕੀਤੀ ਗਈ ਹੈ, ਜੋ ਸਪੱਸ਼ਟ ਕਰਦੀ ਹੈ ਕਿ ਉਹ ਅਗਲੇ ਸਾਲ ਆਪਣਾ ਦੂਜਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਬੇਮਿਸਾਲ ਢੰਗ ਨਾਲ ਆਪਣਾ ਤੀਜਾ ਕਾਰਜਕਾਲ ਜਾਰੀ ਰੱਖਣਗੇ ਅਤੇ ਆਪਣੇ ਪੂਰਵਜਾਂ ਵਾਂਗ ਸੇਵਾਮੁਕਤ ਨਹੀਂ ਹੋਣਗੇ। ਇਸ ਸੈਸ਼ਨ ਵਿਚ ਪਾਰਟੀ ਦੇ 400 ਦੇ ਕਰੀਬ ਸੀਨੀਅਰ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਫੈਸਲਾ ਕੀਤਾ ਕਿ ਪੰਜ ਸਾਲ ਵਿਚ ਇਕ ਵਾਰ ਸੱਦੇ ਜਾਣ ਵਾਲੇ ਪਾਰਟੀ ਕਾਂਗਰਸ (ਅਜਲਾਸ) ਨੂੰ ਅਗਲੇ ਸਾਲ ਦੇ ਅੰਤ ਦੀ ਬਜਾਏ ਮੱਧ ਵਿਚ ਸੱਦਿਆ ਜਾਏ। ਉਦੋਂ ਸ਼ੀ ਦੇ ਤੀਜੇ ਕਾਰਜਕਾਲ ਨੂੰ ਮਨਜ਼ੂਰੀ ਦਿੱਤੇ ਜਾਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਭਾਰਤੀ-ਅਮਰੀਕੀ ਪੁਲਸ ਮੁਲਾਜ਼ਮ ਦੀ ਗੋਲ਼ੀ ਲੱਗਣ ਨਾਲ ਮੌਤ, ਦੋਸ਼ੀ ਦੀ ਸੂਹ ਦੇਣ ਵਾਲੇ ਨੂੰ ਮਿਲੇਗਾ 45 ਲੱਖ ਦਾ ਇਨਾਮ

ਜ਼ਿਕਰਯੋਗ ਹੈ ਕਿ 68 ਸਾਲਾ ਸ਼ੀ ਨੂੰ 'ਰਾਜਕੁਮਾਰ' ਵਜੋਂ ਦੇਖਿਆ ਜਾਂਦਾ ਹੈ ਕਿਉਂਕਿ ਉਹ ਸਾਬਕਾ ਉਪ ਪ੍ਰਧਾਨ ਮੰਤਰੀ ਸ਼ੀ ਝੌਂਗਝੁਨ ਦੇ ਪੁੱਤਰ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਉਦਾਰਵਾਦੀ ਵਿਚਾਰਾਂ ਲਈ ਮਾਓ ਦੇ ਅਤਿਆਚਾਰ ਦਾ ਸਾਹਮਣਾ ਕਰਨਾ ਪਿਆ ਸੀ। ਸ਼ੀ ਦਾ ਕੱਦ ਪਾਰਟੀ ਵਿਚ ਤੇਜ਼ੀ ਨਾਲ ਵਧਿਆ ਅਤੇ ਸਾਬਕਾ ਰਾਸ਼ਟਰਪਤੀ ਹੂ ਜਿਨਤਾਓ ਦੇ ਕਾਰਜਕਾਲ ਦੌਰਾਨ ਉਪ-ਰਾਸ਼ਟਰਪਤੀ ਬਣੇ। ਜਿਨਪਿੰਗ ਨੂੰ 2016 ਵਿਚ ਪਾਰਟੀ ਦੇ 'ਕੇਂਦਰੀ ਨੇਤਾ' ਦਾ ਦਰਜਾ ਦਿੱਤਾ ਗਿਆ ਸੀ, ਜੋ ਮਾਓ ਤੋਂ ਬਾਅਦ ਇਹ ਦਰਜਾ ਹਾਸਲ ਕਰਨ ਵਾਲੇ ਪਹਿਲੇ ਨੇਤਾ ਹਨ। ਸ਼ੀ ਦਾ ਚੀਨ ਦੀ ਸੱਤਾ ਦੇ ਤਿੰਨ ਕੇਂਦਰਾਂ - ਸੀ.ਪੀ.ਸੀ. ਦੇ ਜਨਰਲ ਸਕੱਤਰ, ਸ਼ਕਤੀਸ਼ਾਲੀ ਕੇਂਦਰੀ ਫੌਜੀ ਕਮਿਸ਼ਨ (ਸੀ.ਐੱਮ.ਸੀ.) ਦੇ ਚੇਅਰਮੈਨ ਜੋ ਸਾਰੀਆਂ ਫੌਜੀ ਕਮਾਂਡਾਂ ਦੀ ਨਿਗਰਾਨੀ ਕਰਦਾ ਹੈ ਅਤੇ ਰਾਸ਼ਟਰਪਤੀ- 'ਤੇ ਕਬਜ਼ਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਸੈਸ਼ਨ ਨਾਲ ਸ਼ੀ ਦੀ ਤਾਕਤ ਹੋਰ ਵਧੀ ਹੈ। 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News