ਕੋਵਿਡ-19: ਸਰਦ ਰੁੱਤ ਓਲੰਪਿਕ ਖੇਡਾਂ ਤੋਂ ਪਹਿਲਾਂ ਸ਼ਿਆਨ ਸੂਬੇ 'ਚ ਲਗਾਈ ਗਈ ਤਾਲਾਬੰਦੀ

Thursday, Dec 23, 2021 - 03:52 PM (IST)

ਬੀਜਿੰਗ (ਭਾਸ਼ਾ)- ਚੀਨ ਨੇ ਕਰੋਨਾ ਵਾਇਰਸ ਦੇ ਮਾਮਲਿਆਂ ਵਿਚ ਵਾਧੇ ਤੋਂ ਬਾਅਦ 1.3 ਕਰੋੜ ਦੀ ਆਬਾਦੀ ਵਾਲੇ ਉੱਤਰੀ ਸ਼ਹਿਰ ਸ਼ਿਆਨ ਵਿਚ ਤਾਲਾਬੰਦੀ ਲਗਾ ਦਿੱਤੀ ਹੈ। ਸਰਦ ਰੁੱਤ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਤੋਂ ਕੁਝ ਹਫ਼ਤੇ ਪਹਿਲਾਂ ਦੇਸ਼ 'ਚ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ। ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਕੀ ਤੇਜ਼ੀ ਨਾਲ ਵੱਧ ਰਹੇ ਮਾਮਲੇ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਹਨ ਜਾਂ ਡੈਲਟਾ ਵੇਰੀਐਂਟ ਦੇ ਹਨ। ਚੀਨ ਵਿਚ ਹੁਣ ਤੱਕ ਓਮੀਕਰੋਨ ਦੇ ਸਿਰਫ਼ 7 ਮਾਮਲੇ ਸਾਹਮਣੇ ਆਏ ਹਨ - 4 ਗੁਆਂਗਜ਼ੂ ਦੇ ਦੱਖਣੀ ਨਿਰਮਾਣ ਕੇਂਦਰ ਵਿਚ, 2 ਦੱਖਣੀ ਸ਼ਹਿਰ ਚਾਂਗਸ਼ਾ ਵਿਚ ਅਤੇ 1 ਤਿਆਨਜਿਨ ਦੀ ਉੱਤਰੀ ਬੰਦਰਗਾਹ ਵਿਚ।

ਇਹ ਵੀ ਪੜ੍ਹੋ : ਚੰਡੀਗੜ੍ਹ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਉੜੀਸਾ ਨੇ ਜੂਨੀਅਰ ਹਾਕੀ ਨੈਸ਼ਨਲ ਦੇ ਸੈਮੀਫਾਈਨਲ 'ਚ ਕੀਤਾ ਪ੍ਰਵੇਸ਼

ਚੀਨ ਸ਼ੰਘਾਈ ਦੇ ਨੇੜੇ ਝੇਜਿਆਂਗ ਦੇ ਪੂਰਬੀ ਸੂਬੇ ਦੇ ਕਈ ਸ਼ਹਿਰਾਂ ਵਿਚ ਤੇਜ਼ੀ ਨਾਲ ਫੈਲ ਰਹੇ ਸੰਕਰਮਣ ਨਾਲ ਨਜਿੱਠ ਰਿਹਾ ਹੈ, ਹਾਲਾਂਕਿ ਉੱਥੇ ਪਾਬੰਦੀਆਂ ਬਹੁਤ ਘੱਟ ਲਗਾਈਆਂ ਗਈਆਂ ਹਨ। ਅਧਿਕਾਰੀਆਂ ਨੇ ਨਵੇਂ ਪ੍ਰਸਾਰ ਨੂੰ ਜ਼ੀਰੋ 'ਤੇ ਲਿਆਉਣ ਦੀ ਆਪਣੀ ਨੀਤੀ ਦੇ ਤਹਿਤ ਸਖ਼ਤ ਮਹਾਂਮਾਰੀ ਨਿਯੰਤਰਣ ਉਪਾਵਾਂ ਨੂੰ ਅਪਣਾਇਆ ਹੈ, ਜਿਸ ਵਿਚ ਵਾਰ-ਵਾਰ ਤਾਲਾਬੰਦੀ ਲਗਾਈ ਜਾ ਰਹੀ ਹੈ, ਮਾਸਕ ਲਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਅਤੇ ਵੱਡੇ ਪੱਧਰ 'ਤੇ ਜਾਂਚ ਕੀਤੀ ਜਾ ਰਹੀ ਹੈ। ਯਾਤਰਾ ਅਤੇ ਵਪਾਰ ਵਿਚ ਵੱਡੇ ਪੱਧਰ 'ਤੇ ਰੁਕਾਵਟਾਂ ਕਾਰਨ ਨੀਤੀ ਪੂਰੀ ਤਰ੍ਹਾਂ ਸਫ਼ਲ ਨਹੀਂ ਰਹੀ ਹੈ, ਬੀਜਿੰਗ ਨੇ ਇਸ ਲਈ ਵਾਇਰਸ ਦੇ ਪ੍ਰਸਾਰ ਨੂੰ ਜ਼ਿੰਮੇਵਾਰ ਦੱਸ ਰਿਹਾ ਹੈ।

ਇਹ ਵੀ ਪੜ੍ਹੋ : ਪੈਨਲਟੀ ਸ਼ੂਟਆਊਟ ’ਚ ਜਾਪਾਨ ਨੂੰ ਹਰਾ ਕੇ ਕੋਰੀਆ ਬਣਿਆ ਚੈਂਪੀਅਨ

ਸ਼ਿਆਨ ਸ਼ਾਂਕਸੀ ਸੂਬੇ ਦੀ ਰਾਜਧਾਨੀ ਹੈ, ਜਿੱਥੇ ਵੀਰਵਾਰ ਨੂੰ ਸੰਕ੍ਰਮਣ ਦੇ ਸਥਾਨਕ ਪ੍ਰਸਾਰ ਦੇ 63 ਮਾਮਲੇ ਸਾਹਮਣੇ ਆਏ, ਜਿਸ ਨਾਲ ਸ਼ਹਿਰ ਵਿਚ ਸੰਕ੍ਰਮਣ ਦੇ ਮਾਮਲੇ ਵੱਧ ਕੇ 211 ਹੋ ਗਏ ਹਨ। ਸਰਕਾਰੀ ਮੀਡੀਆ ਨੇ ਦੱਸਿਆ ਕਿ ਸ਼ਹਿਰ ਦੇ ਅਧਿਕਾਰੀਆਂ ਨੇ ਸਾਰੇ ਵਸਨੀਕਾਂ ਨੂੰ ਘਰ ਵਿਚ ਰਹਿਣ ਦਾ ਹੁਕਮ ਦਿੱਤਾ ਹੈ, ਜਦੋਂ ਤੱਕ ਉਨ੍ਹਾਂ ਦਾ ਘਰੋਂ ਬਾਹਰ ਨਿਕਲਣਾ ਜ਼ਰੂਰੀ ਨਾ ਹੋਵੇ। ਵਿਸ਼ੇਸ਼ ਮਾਮਲਿਆਂ ਦੇ ਇਲਾਵਾ ਸ਼ਹਿਰ ਤੋਂ ਆਉਣ-ਜਾਣ ਵਾਲੇ ਟਰਾਂਸਪੋਰਟ ਦੇ ਸਾਰੇ ਸਾਧਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਹੁਕਮਾਂ ਵਿਚ ਕਿਹਾ ਗਿਆ ਹੈ ਕਿ ਹਰੇਕ ਘਰ ਵਿਚੋਂ ਇਕ ਵਿਅਕਤੀ ਨੂੰ ਹਰ 2 ਦਿਨਾਂ ਵਿਚ ਘਰੇਲੂ ਸਮਾਨ ਖਰੀਦਣ ਲਈ ਬਾਹਰ ਜਾਣ ਦੀ ਆਗਿਆ ਹੋਵੇਗੀ। ਇਹ ਹੁਕਮ ਬੁੱਧਵਾਰ ਅੱਧੀ ਰਾਤ ਤੋਂ ਲਾਗੂ ਹੋ ਗਿਆ ਹੈ। ਇਸ ਨੂੰ ਕਦੋਂ ਹਟਾਇਆ ਜਾਵੇਗਾ, ਇਸ ਬਾਰੇ ਕੁਝ ਨਹੀਂ ਕਿਹਾ ਗਿਆ ਹੈ। ਚੀਨ ਵਿਚ ਕੋਵਿਡ-19 ਦੇ ਕੁੱਲ 1,00,644 ਮਾਮਲੇ ਸਾਹਮਣੇ ਆਏ ਹਨ ਅਤੇ ਇਨਫੈਕਸ਼ਨ ਕਾਰਨ 4,636 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਯਾਸਿਰ ਸ਼ਾਹ ਨੇ ਪਾਕਿਸਤਾਨ ਕ੍ਰਿਕਟ ਨੂੰ ਕੀਤਾ ਬਦਨਾਮ : ਰਮੀਜ਼ ਰਾਜਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News