ਹੁਣ ਚੀਨ 'ਚ ਮੋਬਾਈਲ ਗੇਮ ਨਾਲ ਦੂਰ ਹੋਵੇਗੀ ਕਿਸਾਨਾਂ ਦੀ ਗਰੀਬੀ

07/05/2019 10:05:11 AM

ਬੀਜਿੰਗ (ਬਿਊਰੋ)— ਚੀਨ ਸਰਕਾਰ ਨੇ ਦੇਸ਼ ਦੀ ਗਰੀਬੀ ਦੂਰ ਕਰਨ ਲਈ ਇਕ ਇਨੋਵੇਟਿਵ ਤਰੀਕਾ ਖੋਜਿਆ ਹੈ। ਇੱਥੇ ਇਕ ਅਜਿਹੀ ਮੋਬਾਈਲ ਗੇਮ ਤਿਆਰ ਕੀਤੀ ਜਾ ਰਹੀ ਹੈ ਜੋ ਦੇਸ਼ ਦੀ ਇਕ ਵੱਡੀ ਆਬਾਦੀ ਨੂੰ ਆਕਰਸ਼ਿਤ ਕਰੇਗੀ। ਇਸ ਗੇਮ ਨੂੰ ਖੇਡਣ ਵਾਲਿਆਂ ਨੂੰ ਕ੍ਰੈਡਿਟ ਮਿਲੇਗਾ, ਜਿਸ ਦੀ ਵਰਤੋਂ ਕਿਸਾਨਾਂ ਦੇ ਉਤਪਾਦ ਖਰੀਦਣ ਵਿਚ ਕੀਤੀ ਜਾ ਸਕੇਗੀ। ਚੀਨ ਦੇ ਵਿੱਤ ਮੰਤਰਾਲੇ ਦੇ ਅੰਤਰਗਤ ਆਉਣ ਵਾਲੇ ਗਰੀਬੀ ਹਟਾਉਣ ਵਾਲੇ ਦਫਤਰ ਨੇ ਮੈਸੇਜਿੰਗ ਚੈਟ ਐਪ ਵੀਚੈਟ ਦੇ ਨਾਲ ਇਕ ਮੋਬਾਈਲ ਗੇਮ ਬਣਾਉਣ ਦਾ ਸਮਝੌਤਾ ਕੀਤਾ ਹੈ। 

ਅਸਲ ਵਿਚ ਇਸ ਪਲੇਟਫਾਰਮ ਨਾਲ ਗੇਮ ਖੇਡਣ ਵਾਲਿਆਂ ਨੂੰ ਜਿਹੜਾ ਕ੍ਰੈਡਿਟ ਮਿਲੇਗਾ ਉਹ ਇਸ ਦੀ ਵਰਤੋਂ ਡਿਸਕਾਊਂਟ ਕੂਪਨ ਦੇ ਤੌਰ 'ਤੇ ਕਰ ਸਕਣਗੇ। ਇਨ੍ਹਾਂ ਕੂਪਨਾਂ ਨਾਲ ਉਹ ਈ-ਕਾਮਰਸ ਪਲੇਟਫਾਰਮ 'ਤੇ ਸਥਾਨਕ ਕਿਸਾਨਾਂ ਤੋਂ ਚੌਲ ਅਤੇ ਫਲ ਖਰੀਦ ਸਕਣਗੇ। ਇਸ ਨਾਲ ਕਿਸਾਨਾਂ ਦੀ ਆਮਦਨੀ ਵਿਚ ਵਾਧਾ ਹੋਵੇਗਾ। 

ਪਾਇਲਟ ਪ੍ਰਾਜੈਕਟ ਦੇ ਤੌਰ 'ਤੇ ਪਹਿਲੇ ਬੈਚ ਵਿਚ ਯੁੰਨਾਨ ਸੂਬੇ ਦੀ ਯੋਂਗਸ਼ੇਂਗ ਕਾਊਂਟੀ, ਹੁਨਾਨ ਸੂਬੇ ਦੀ ਪਿੰਗਜਿਆਂਗ ਕਾਊਂਟੀ ਅਤੇ ਸ਼ਾਂਕਸੀ ਸੂਬੇ ਦੀ ਫੈਂਕਸੀ ਕਾਊਂਟੀ ਨੂੰ ਗੇਮ ਦੇ ਵਰਚੁਅਲ ਮੈਪ 'ਤੇ ਰੱਖਿਆ ਗਿਆ ਹੈ। ਚੀਨ ਦੀ ਸਰਕਾਰ ਗਰੀਬੀ ਦੇ ਖਾਤਮੇ ਨੂੰ ਲੈ ਕੇ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਸਾਲ 2018 ਵਿਚ ਚੀਨ ਦੇ ਪੇਂਡੂ ਇਲਾਕਿਆਂ ਵਿਚ 1 ਕਰੋੜ 38 ਲੱਖ ਲੋਕ ਗਰੀਬੀ ਤੋਂ ਮੁਕਤ ਹੋ ਚੁੱਕੇ ਹਨ। ਚੀਨ ਨੇ ਪਿਛਲੇ ਸਾਲ ਦੇ ਅਖੀਰ ਤੱਕ ਗਰੀਬਾਂ ਦੀ ਗਿਣਤੀ ਨੂੰ 1 ਕਰੋੜ 66 ਲੱਖ ਤੱਕ ਲਿਆ ਦਿੱਤਾ ਜਦਕਿ 2012 ਵਿਚ ਇਨ੍ਹਾਂ ਦੀ ਗਿਣਤੀ 9 ਕਰੋੜ 89 ਲੱਖ ਸੀ। ਚੀਨ ਨੇ 2020 ਤੱਕ ਗਰੀਬੀ ਨੂੰ ਪੂਰੀ ਤਰ੍ਹਾਂ ਖਤਮ ਕਰਨ ਦਾ ਟੀਚਾ ਰੱਖਿਆ ਹੈ।


Vandana

Content Editor

Related News