ਚੀਨ ਨੇ ਤੋੜੀ ਚੁੱਪ, ਰਾਸ਼ਟਰਪਤੀ ਚੁਣੇ ਗਏ ਬਾਈਡੇਨ ਨੂੰ ਦਿੱਤੀ ਵਧਾਈ
Friday, Nov 13, 2020 - 09:34 PM (IST)

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਵ੍ਹਾਈਟ ਹਾਊਸ ਦੀ ਜਿੱਤ 'ਤੇ ਕਾਫੀ ਸਮੇਂ ਦੀ ਦੇਰੀ ਤੋਂ ਬਾਅਦ ਅਖ਼ੀਰ ਚੀਨ ਨੇ ਸੁੱਕਰਵਾਰ ਨੂੰ ਆਪਣੀ ਚੁੱਪੀ ਤੋੜਦਿਆਂ ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਨੂੰ ਵਧਾਈ ਸੰਦੇਸ਼ ਦਿੱਤਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੈਂਗ ਵੈਨਬਿਨ ਨੇ ਅਮਰੀਕੀ ਲੋਕਾਂ ਦੀ ਚੋਣ ਦਾ ਸਨਮਾਨ ਕਰਦਿਆਂ ਬਾਈਡੇਨ ਅਤੇ ਕਮਲਾ ਹੈਰਿਸ ਨੂੰ ਮੁਬਾਰਕਬਾਦ ਦਿੱਤੀ ਹੈ।
ਚੀਨ ਵਲੋਂ ਹੋਈ ਇਸ ਦੇਰੀ ਬਾਰੇ ਕੋਈ ਸਪੱਸ਼ਟੀਕਰਣ ਨਾ ਦਿੰਦਿਆਂ ਵੈਂਗ ਨੇ ਕਿਹਾ ਕਿ ਸੰਯੁਕਤ ਰਾਜ ਵਿਚ ਚੋਣਾਂ ਦੇ ਨਤੀਜੇ ਦਾ ਫ਼ੈਸਲਾ ਸੰਯੁਕਤ ਰਾਜ ਦੇ ਕਾਨੂੰਨਾਂ ਅਤੇ ਪ੍ਰਕਿਰਿਆਵਾਂ ਅਨੁਸਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ 9 ਨਵੰਬਰ, 2016 ਨੂੰ ਟਰੰਪ ਨੂੰ ਜੇਤੂ ਐਲਾਨੇ ਜਾਣ ਦੇ ਇਕ ਦਿਨ ਬਾਅਦ ਵਧਾਈ ਦਿੱਤੀ ਸੀ ਪਰ ਬਾਅਦ ਵਿਚ ਦੋਵੇਂ ਦੇਸ਼ਾਂ ਦੇ ਸੰਬੰਧਾਂ ਵਿਚ ਕੁੜੱਤਣ ਪੈਦਾ ਹੋ ਗਈ ਸੀ। ਇਸ ਨਾਲ ਹੁਣ ਬਾਈਡੇਨ ਨੂੰ ਟਰੰਪ ਤੋਂ ਬਾਅਦ ਸੰਯੁਕਤ ਰਾਜ ਅਤੇ ਚੀਨ ਵਿਚਕਾਰ ਸੰਬੰਧਾਂ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਈਡੇਨ ਨੇ ਇਸ ਹਫ਼ਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੈ-ਇਨ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦ ਸੁਗਾ ਸਣੇ ਕਈ ਵਿਦੇਸ਼ੀ ਨੇਤਾਵਾਂ ਨਾਲ ਫ਼ੋਨ ਦੀ ਸ਼ੁਰੂਆਤ ਵੀ ਕੀਤੀ ਹੈ।
ਇਸ ਦੇ ਨਾਲ ਹੀ ਚੀਨ ਤੋਂ ਇਲਾਵਾ, ਰੂਸ, ਇਜ਼ਰਾਈਲ, ਸਾਊਦੀ ਅਰਬ ਅਤੇ ਬ੍ਰਾਜ਼ੀਲ ਆਦਿ ਦੇਸ਼ਾਂ ਦੇ ਵਧਾਈ ਸੰਦੇਸ਼ਾਂ ਵਿਚ ਵੀ ਦੇਰੀ ਹੋਈ ਹੈ, ਜਿਨ੍ਹਾਂ ਦੇ ਨੇਤਾਵਾਂ ਦੀ ਟਰੰਪ ਨਾਲ ਸਬੰਧਾਂ ਵਿਚ ਕੁੜੱਤਣ ਸੀ। ਚੋਣਾਂ ਤੋਂ ਪਹਿਲਾਂ ਚੀਨ ਨੇ ਕਿਹਾ ਸੀ ਕਿ ਉਹ ਦੂਜੇ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਵਿਚ ਸ਼ਾਮਲ ਹੋਣਾ ਨਹੀਂ ਚਾਹੁੰਦਾ ਹੈ। ਚੀਨ ਅਤੇ ਸਯੁੰਕਤ ਰਾਜ ਦੇ ਆਪਸ ਵਿਚ ਸੰਬੰਧ ਕੁੱਝ ਆਰਥਿਕ ਵਿਵਸਥਾਵਾਂ ਅਤੇ ਲੰਬੇ ਵਪਾਰਕ ਤਣਾਅ ਕਾਰਨ ਤੇਜ਼ੀ ਨਾਲ ਤਣਾਅਪੂਰਨ ਬਣ ਗਏ ਹਨ ਜਦਕਿ ਹੁਣ ਕੋਰੋਨਾ ਵਾਇਰਸ ਮਹਾਮਾਰੀ ਦੇ ਮੁੱਦੇ, ਤਾਈਵਾਨ ਨੂੰ ਹਥਿਆਰਾਂ ਦੀ ਵਿਕਰੀ, ਦੱਖਣੀ ਚੀਨ ਸਾਗਰ ਵਿਚ ਖੇਤਰੀ ਦਾਅਵੇ ਅਤੇ ਬੀਜਿੰਗ ਦੀ ਵੱਧ ਰਹੀ ਅੰਤਰਰਾਸ਼ਟਰੀ ਦਾਅਵੇਦਾਰੀ ਸੰਭਵ ਤੌਰ 'ਤੇ ਬਾਈਡੇਨ ਦੇ ਮੁੱਖ ਏਜੰਡੇ ਹੋਣਗੇ।