ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀਆਂ ਲਾਸ਼ਾਂ ਚੋਰੀ ਸਾੜ ਰਿਹੈ ਚੀਨ : ਰਿਪੋਰਟ
Tuesday, Feb 11, 2020 - 10:44 AM (IST)

ਬੀਜਿੰਗ— ਚੀਨ 'ਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ 1000 ਤੋਂ ਪਾਰ ਹੋ ਗਈ ਹੈ ਅਤੇ 42 ਹਜ਼ਾਰ ਲੋਕ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ। ਕਿਹਾ ਜਾ ਰਿਹਾ ਹੈ ਕਿ ਚੀਨ ਮ੍ਰਿਤਕਾਂ ਤੇ ਪੀੜਤਾਂ ਦੀ ਅਸਲ ਗਿਣਤੀ ਛੁਪਾ ਰਿਹਾ ਹੈ। ਚੀਨ ਚੋਰੀ-ਚੋਰੀ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਾੜ ਰਿਹਾ ਹੈ, ਹਾਲਾਂਕਿ ਇੱਥੇ ਸੰਸਕਾਰ ਕਰਨ ਦੀ ਰਸਮ ਨਹੀਂ ਹੁੰਦੀ। ਸੋਮਵਾਰ ਨੂੰ ਵੂਹਾਨ ਦੀ ਸੈਟੇਲਾਈਟ ਤਸਵੀਰ ਸਾਹਮਣੇ ਆਈ। ਇਸ 'ਚ ਅੱਗ ਦੇ ਵੱਡੇ ਗੋਲੇ ਦੇ ਰੂਪ 'ਚ ਸਲਫਰ ਡਾਈਆਕਸਾਈਡ ਗੈਸ ਦਿਖਾਈ ਦੇ ਰਹੀ ਹੈ। ਵਿਗਿਆਨੀਆਂ ਮੁਤਾਬਕ ਮੈਡੀਕਲ ਵੇਸਟ ਅਤੇ ਲਾਸ਼ਾਂ ਨੂੰ ਸਾੜਿਆ ਗਿਆ ਹੋ ਸਕਦਾ ਹੈ। ਇੰਟੇਲਵੇਵ ਮੁਤਾਬਕ ਇੰਨਾ ਧੂੰਆਂ ਤਕਰੀਬਨ 14,000 ਲਾਸ਼ਾਂ ਨੂੰ ਸਾੜਨ 'ਤੇ ਹੀ ਨਿਕਲਦਾ ਹੈ।
ਬ੍ਰਿਟਿਸ਼ ਅਖਬਾਰ ਡੇਲੀਮੇਲ ਨੇ ਵੀ ਵੂਹਾਨ ਦੀ ਸੈਟੇਲਾਈਟ ਇਮੇਜ 'ਤੇ ਸ਼ੱਕ ਪ੍ਰਗਟਾਇਆ ਹੈ। ਅਮਰੀਕਾ ਦੇ 'ਪਬਲਿਕ ਹੈਲਥ ਡਿਪਾਰਟਮੈਂਟ' ਮੁਤਾਬਕ ਲਾਸ਼ਾਂ ਨੂੰ ਸਾੜਨ 'ਤੇ ਸਲਫਰ ਗੈਸ ਦੇ ਇਲਾਵਾ ਪਾਰਾ, ਡਾਇਆਕਸੀਨ, ਹਾਈਡ੍ਰੋਕਲੋਰਿਕ ਐਸਿਡ ਵਰਗੇ ਰਸਾਇਣ ਵੀ ਨਿਕਲਦੇ ਹਨ।
ਬਲੂਮਬਰਗ ਦੀ ਰਿਪੋਰਟ ਮੁਤਾਬਕ ਅਗਲੇ ਕੁਝ ਹਫਤਿਆਂ 'ਚ ਵੂਹਾਨ 'ਚ ਪੀੜਤ ਲੋਕਾਂ ਦੀ ਗਿਣਤੀ 5 ਲੱਖ ਤਕ ਪੁੱਜ ਸਕਦੀ ਹੈ। ਇਸ ਸ਼ਹਿਰ 'ਚ 23 ਜਨਵਰੀ ਤੋਂ ਹੀ ਇਕ ਕਰੋੜ 10 ਲੱਖ ਲੋਕ ਆਪਣੇ-ਆਪਣੇ ਘਰਾਂ 'ਚ ਕੈਦ ਹਨ। ਲੰਡਨ ਸਕੂਲ ਆਫ ਹਾਈਜਨ ਐਂਡ ਟ੍ਰਾਪੀਕਲ ਮੈਡੀਸਨ ਨੇ ਵੂਹਾਨ 'ਚ ਵਾਇਰਸ ਦੇ ਫੈਲਣ ਦੇ ਤਰੀਕਿਆਂ ਦਾ ਅਧਿਐਨ ਕੀਤਾ। ਇਸ 'ਚ ਪਤਾ ਲੱਗਾ ਕਿ ਵਾਇਰਸ ਦੀ ਇਹ ਹੀ ਰਫਤਾਰ ਰਹੀ ਤਾਂ ਫਰਵਰੀ ਖਤਮ ਹੁੰਦੇ-ਹੁੰਦੇ ਸ਼ਹਿਰ ਦੀ 5 ਫੀਸਦੀ ਆਬਾਦੀ ਭਾਵ 5 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਕਾਰਨ ਪੀੜਤ ਹੋ ਜਾਣਗੇ।
ਮਾਹਿਰਾਂ ਦਾ ਤਰਕ ਹੈ ਕਿ ਵੂਹਾਨ 'ਚ ਸਲਫਰ ਡਾਈਆਕਸਾਈਡ ਦਾ ਲੈਵਲ 1700 ਯੂਜੀ/ ਘਣ ਮੀਟਰ ਹੈ ਜੋ ਖਤਰੇ ਦੇ ਲੈਵਲ ਤੋਂ 21 ਗੁਣਾ ਵਧੇਰੇ ਹੈ। 80 ਯੂਜੀ/ ਘਣ ਮੀਟਰ ਖਤਰਨਾਕ ਮੰਨਿਆ ਜਾਂਦਾ ਹੈ। ਅਜਿਹਾ ਹੀ ਚੋਂਗਕਵਿੰਗ 'ਚ ਵੀ ਹੈ। ਇੱਥੇ ਵੀ ਵੱਡੇ ਪੱਧਰ 'ਤੇ ਵਾਇਰਸ ਫੈਲਿਆ ਹੈ। ਇਹ ਵੂਹਾਨ ਤੋਂ 900 ਕਿਲੋ ਮੀਟਰ ਦੂਰ ਹੈ ਤੇ ਬੁਲਟ ਟਰੇਨ ਰਾਹੀਂ 4-5 ਘੰਟੇ 'ਚ ਪੁੱਜ ਸਕਦੇ ਹਨ। ਦੋਵੇਂ ਸ਼ਹਿਰਾਂ ਵਿਚਕਾਰ 31 ਬੁਲੇਟ ਟਰੇਨਾਂ ਰੋਜ਼ ਚੱਲਦੀਆਂ ਹਨ ਪਰ ਅਜੇ ਇਹ ਬੰਦ ਹਨ। ਅਜਿਹੇ 'ਚ ਦੂਜੇ ਟ੍ਰੈਫਿਕ ਨਾਲ ਵੀ ਇੰਨੀ ਵੱਡੀ ਮਾਤਰਾ 'ਚ ਗੈਸ ਨਹੀਂ ਨਿਕਲ ਸਕਦੀ।